Connect with us

Punjab

ਡਿਪਟੀ ਕਮਿਸ਼ਨਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਹਦਾਇਤਾਂ ਜਾਰੀ

Published

on

ਪਟਿਆਲਾ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਜ਼ਿਲ੍ਹੇ ‘ਚ ਝੋਨੇ ਦੀ ਸਿੱਧੀ ਬਿਜਾਈ (ਤਰ ਵੱਤਰ) ਹੇਠ ਰਕਬਾ ਵਧਾਉਣ ਲਈ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰੋਜ਼ਾਨਾ ਹਰੇਕ ਬਲਾਕ ‘ਚ 500 ਤੋਂ ਵਧੇਰੇ ਕਿਸਾਨਾਂ ਨੂੰ ਡੀ.ਐਸ.ਆਰ. ਤਕਨੀਕ ਸਬੰਧੀ ਜਾਣਕਾਰੀ ਦੇਣ ਦੀ ਹਦਾਇਤ ਕਰਦਿਆ ਕਿਹਾ ਕਿ ਰੋਜ਼ਾਨਾ ਲਗਾਏ ਗਏ ਕੈਂਪਾਂ ਦੀ ਅਤੇ ਸ਼ਾਮਲ ਕਿਸਾਨਾਂ ਵੱਲੋਂ ਦਿਖਾਏ ਉਤਸ਼ਾਹ ਸਬੰਧੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਵੀ ਯਕੀਨੀ ਬਣਾਈ ਜਾਵੇ।

ਸਾਕਸ਼ੀ ਸਾਹਨੀ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਕਿਸਾਨਾਂ ਦੇ ਸਿੱਧੀ ਬਿਜਾਈ ਸਬੰਧੀ ਸਵਾਲਾਂ ਦੇ ਮਾਹਰਾਂ ਵੱਲੋਂ ਜਵਾਬ ਦਿੱਤੇ ਜਾਣ ਤੇ ਕਿਸਾਨਾਂ ਦੇ ਸ਼ੰਕਿਆਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਵੱਲੋਂ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਤੇ ਉਨ੍ਹਾਂ ਦੇ ਜਵਾਬਾਂ ਦਾ ਕਿਤਾਬਚਾ ਤਿਆਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਪਾਸੋਂ ਸਿੱਧੀ ਬਿਜਾਈ ਸਬੰਧੀ ਫੀਡਬੈਕ ਵੀ ਪ੍ਰਾਪਤ ਕੀਤੀ ਜਾਵੇ ਤਾਂ ਕਿ ਇਸ ਖੇਤਰ ‘ਚ ਹੋਰ ਵੀ ਸੁਧਾਰ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਏ ਗਏ 116 ਨੋਡਲ ਅਫ਼ਸਰਾਂ ਦੀ ਜਵਾਬਦੇਹੀ ਵੀ ਤਹਿ ਕਰਕੇ ਰੋਜ਼ਾਨਾ ਦਾ ਟੀਚਾ ਦਿੱਤਾ ਜਾਵੇ। ਡਿਪਟੀ  ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਐਸ.ਡੀ.ਐਮਜ਼, ਸਹਿਕਾਰੀ ਸਭਾਵਾਂ ਤੇ ਪੰਚਾਇਤ ਵਿਭਾਗ ਨਾਲ ਮਿਲਕੇ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਸ਼ਮੂਲੀਅਤ ਨਾਲ ਕੈਂਪ ਲਗਾਕੇ ਕਿਸਾਨਾਂ ਨੂੰ ਡੀ.ਐਸ.ਆਰ ਤਕਨੀਕ ਰਾਹੀਂ ਝੋਨੇ ਦੀ ਬਿਜਾਈ ਦੀ ਟਰੇਨਿੰਗ ਦੇਵੇ ਤੇ ਇਸ ਸਬੰਧੀ ਬਲਾਕ ਪੱਧਰ ‘ਤੇ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣ ਤਾਂ ਕਿ ਕਿਸਾਨ ਵਿਹਾਰਕ ਤੌਰ ‘ਤੇ ਸਾਰੀ ਤਕਨੀਕ ਨੂੰ ਸਮਝ ਸਕਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਲਈ ਸਿੱਧੀ ਬਿਜਾਈ (ਤਰ ਵੱਤਰ) ਹੇਠ ਨਿਸ਼ਚਿਤ ਕੀਤੇ ਗਏ 65 ਹਜ਼ਾਰ ਹੈਕਟੇਅਰ ਦੇ ਟੀਚੇ ਦੀ ਪ੍ਰਾਪਤ ਲਈ ਵਿਆਪਕ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਾਲ ਨਾਲ ਕਿਸਾਨਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਉਣ ਲਈ ਸਬੰਧਤ ਵਿਭਾਗ ਨੂੰ ਜਮੀਨੀ ਪੱਧਰ ‘ਤੇ ਕੰਮ ਕਰਨਾ ਹੋਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਟੀਚੇ ਦੀ ਪ੍ਰਾਪਤ ਲਈ ਬਣਾਏ ਗਏ ਪਲਾਨ ਨੂੰ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨ ਤਾਂ ਕਿ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣ।

ਮੀਟਿੰਗ ‘ਚ ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ, ਮੁੱਖ ਖੇਤੀਬਾੜੀ ਅਫ਼ਸਰ ਜਸਵੰਤ ਰਾਏ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸਰਬੇਸ਼ਵਰ ਸਿੰਘ ਮੋਹੀ, ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰ ਸੁਖਚੈਨ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।