Punjab
ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨ ਨੂੰ ਹੁਨਰਮੰਦ ਬਣਾਉਣ ਲਈ ਨਿਰਦੇਸ਼ ਜਾਰੀ
ਪਟਿਆਲਾ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਡੇਅਰੀ ਵਿਕਾਸ, ਮੱਛੀ ਪਾਲਣਾ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਵਿਭਾਗਾਂ ਵੱਲੋਂ ਸਵੈ ਰੋਜ਼ਗਾਰ ਨੂੰ ਉਤਸ਼ਾਹ ਕਰਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨਾਲ ਵੱਧ ਤੋਂ ਵੱਧ ਜੋੜਨ ਲਈ ਕਿਹਾ। ਉਹ ਅੱਜ ਵਿਭਾਗਾਂ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਸਾਕਸ਼ੀ ਸਾਹਨੀ ਨੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ‘ਚ ਬਾਗਾਂ ਹੇਠ ਰਕਬਾ ਵਧਾਉਣ ਲਈ ਪਲਾਨ ਤਿਆਰ ਕਰਨ ਦੀ ਹਦਾਇਤ ਕਰਦਿਆ ਕਿਹਾ ਕਿ ਨੌਜਵਾਨ ਲੜਕੇ ਤੇ ਲੜਕੀਆਂ ਤੋਂ ਇਲਾਵਾ ਘਰੇਲੂ ਸਵਾਣੀਆਂ ਨੂੰ ਫਲਾਂ ਤੋਂ ਬਣਨ ਵਾਲੇ ਪ੍ਰਦਾਰਥਾਂ ਦੀ ਟਰੇਨਿੰਗ ਦੇ ਕੇ ਆਤਮ ਨਿਰਭਰ ਬਣਾਇਆ ਜਾਵੇ। ਉਨ੍ਹਾਂ ਕਿਸਾਨਾਂ ਨੂੰ ਬਾਗਬਾਨੀ ਦੇ ਕਿੱਤੇ ਵੱਲ ਉਤਸ਼ਾਹਤ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਲਈ ਵੀ ਕਿਹਾ। ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਪਟਿਆਲਾ ਜ਼ਿਲ੍ਹੇ ਦਾ 2900 ਹੈਕਟੇਅਰ ਰਕਬਾ ਬਾਗਾਂ ਹੇਠ ਹੈ ਅਤੇ ਇਸ ਵਿਚੋਂ 1100 ਹੈਕਟੇਅਰ ਰਕਬੇ ‘ਚ ਅਮਰੂਦ ਦੇ ਬਾਗ ਹਨ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਆਚਾਰ ਬਣਾਉਣ, ਚਟਨੀ ਤਿਆਰ ਕਰਨ ਸਮੇਤ ਬਾਂਗ ਲਗਾਉਣ ਸਬੰਧੀ ਵੀ ਟਰੇਨਿੰਗ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਮੱਛੀ ਪਾਲਣ ਵਿਭਾਗ ਦੇ ਕੰਮ ਦੀ ਸਮੀਖਿਆ ਕਰਦਿਆ ਕਿਹਾ ਕਿ ਇਸ ਕਿੱਤੇ ‘ਚ ਕਾਫ਼ੀ ਸੰਭਾਵਨਾਵਾਂ ਹਨ ਤੇ ਨੌਜਵਾਨਾਂ ਨੂੰ ਮੱਛੀ ਪਾਲਣ ਦੇ ਕਿੱਤੇ ਵੱਲ ਉਤਸ਼ਾਹਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਜਿਨ੍ਹਾਂ ‘ਤੇ ਖੇਤੀ ਨਹੀਂ ਹੁੰਦੀ, ਉਨ੍ਹਾਂ ‘ਤੇ ਪੌਂਡ ਬਣਾਕੇ ਸਵੈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ ਅਤੇ ਪੰਚਾਇਤੀ ਛੱਪੜਾਂ ਨੂੰ ਵੀ ਮੱਛੀ ਪਾਲਣ ਲਈ ਵਰਤਕੇ ਆਮਦਨ ‘ਚ ਵਾਧਾ ਕੀਤਾ ਜਾ ਸਕਦਾ ਹੈ। ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਪਵਨ ਕੁਮਾਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ 300 ਕਿਸਾਨਾਂ ਵੱਲੋਂ ਮੱਛੀ ਪਾਲਣ ਨੂੰ ਅਪਣਾਇਆ ਗਿਆ ਹੈ ਤੇ ਜ਼ਿਲ੍ਹੇ ਦਾ 2506 ਏਕੜ ਰਕਬਾ ਮੱਛੀ ਪਾਲਣ ਹੇਠ ਪ੍ਰਫੁਲਤ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਤਹਿਤ ਨਵੇਂ ਛੱਪੜਾਂ ਦੀ ਪੁਟਾਈ, ਖਾਦ ਖੁਰਾਕ, ਮੋਟਰ ਸਾਈਕਲ ਸਮੇਤ ਆਈਸ ਬਾਕਸ ਸਬੰਧੀ ਸਬਸਿਡੀ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਡੇਅਰੀ ਵਿਕਾਸ ਵਿਭਾਗ ਅਧੀਨ ਚਲਾਏ ਜਾ ਰਹੇ ਟਰੇਨਿੰਗ ਪ੍ਰੋਗਰਾਮਾਂ ਦੀ ਸਮੀਖਿਆ ਕਰਦਿਆ ਕਿਹਾ ਕਿ ਵਿਭਾਗ ਵੱਲੋਂ ਦਿੱਤੀ ਜਾ ਰਹੀ ਟਰੇਨਿੰਗ ਅਤੇ ਉਸ ਉਪਰੰਤ ਕਿੱਤਾ ਸ਼ੁਰੂ ਕਰਨ ਲਈ ਕੀਤੀ ਜਾਂਦੀ ਸਹਾਇਤਾ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਨੌਜਵਾਨ ਟਰੇਨਿੰਗ ਪ੍ਰਾਪਤ ਕਰਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਉਨ੍ਹਾਂ ਸਮੂਹ ਵਿਭਾਗਾਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨਾਲ ਸਵੈ ਰੋਜ਼ਗਾਰ ਲਈ ਚਲਾਏ ਜਾ ਰਹੇ ਕੋਰਸਾਂ ਸਬੰਧੀ ਸਮੇਂ ਸਮੇਂ ‘ਤੇ ਜਾਣਕਾਰੀ ਸਾਂਝੀ ਕਰਨ ਦੀ ਹਦਾਇਤ ਵੀ ਕੀਤੀ।