Connect with us

Punjab

ਭਵਿੱਖ ਦੇ ਕਾਰੋਬਾਰੀ: ਸਟਾਰਟ-ਅੱਪ ਚੈਲੈਂਜ’ ਨਾਲ ਪਟਿਆਲਾ ਵਾਸੀਆਂ ਨੂੰ ਜੋੜਨ ਲਈ ਰੋਜ਼ਗਾਰ ਬਿਊਰੋ ਵੱਲੋਂ ਗਤੀਵਿਧੀਆਂ ਜਾਰੀ

Published

on

ਪਟਿਆਲਾ: ਡਿਪਟੀ ਕਮਿਸ਼ਨਰ ਪਟਿਆਲਾ ਸ਼ਾਕਸੀ ਸਾਹਨੀ ਦੀ ਅਗਵਾਈ ‘ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਉਦਮੀਆਂ ਨੂੰ ਮੌਕੇ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ‘ਭਵਿੱਖ ਦੇ ਕਾਰੋਬਾਰੀ: ਸਟਾਰਟ-ਅੱਪ ਚੈਲੈਂਜ’ ਪ੍ਰਾਜੈਕਟ ਨਾਲ ਵੱਧ ਤੋਂ ਵੱਧ ਵਿਦਿਆਰਥੀਆਂ, ਨੌਜਵਾਨਾਂ, ਸਵੈ-ਸਹਾਇਤਾ ਗਰੁੱਪਾਂ, ਮਹਿਲਾਵਾਂ, ਦਿਵਿਆਂਗਜਨਾਂ, ਛੋਟੇ-ਵੱਡੇ ਕਾਰੋਬਾਰੀਆਂ ਜਾਂ ਆਮ ਲੋਕਾਂ ਨੂੰ ਜੋੜਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਆਈ.ਟੀ.ਆਈ ਲੜਕੇ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਮੋਟਰ ਸਾਈਕਲ ਰੈਲੀ ਕੱਢੀ ਗਈ, ਜਿਸ ਨੂੰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ ਨੇ ਆਈ.ਟੀ.ਆਈ ਲੜਕੇ ਮਾਡਲ ਟਾਊਨ ਤੋਂ ਹਰੀ ਝੰਡੀ ਦੇਕੇ ਰਵਾਨਾ ਕੀਤਾ ਗਿਆ।

ਇਸ ਮੌਕੇ ਗੌਤਮ ਜੈਨ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸ਼ੁਰੂ ਕੀਤਾ ਗਿਆ ‘ਭਵਿੱਖ ਦੇ ਕਾਰੋਬਾਰੀ: ਸਟਾਰਟ-ਅੱਪ ਚੈਲੈਂਜ’ ਉਨ੍ਹਾਂ ਉਦਮੀਆਂ ਲਈ ਬਹੁਤ ਲਾਭਦਾਇਕ ਹੈ, ਜਿਨ੍ਹਾਂ ਕੋਲ ਵਪਾਰ ਲਈ ਨਵੇਂ ਵਿਚਾਰ ਹਨ ਤੇ ਉਨ੍ਹਾਂ ਨੂੰ ਮੌਕੇ ਦੀ ਤਲਾਸ਼ ਹੈ, ਇਹ ਮੰਚ ਉਨ੍ਹਾਂ ਉਦਮੀਆਂ ਨੂੰ ਬਿਹਤਰੀਨ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਇਹ ਅਦਾਰਾ ਅਸਲ ਮਾਅਨਿਆਂ ‘ਚ ਸਮਾਜ ਦੇ ਹਰੇਕ ਵਰਗ ਨੂੰ ਰੋਜ਼ਗਾਰ ਤੇ ਕਾਰੋਬਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਾਰਥਕ ਕੰਮ ਕਰ ਰਿਹਾ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ 12 ਜੂਨ ਤੱਕ ਚੱਲਣ ਵਾਲੀ ਰਜਿਸਟਰੇਸ਼ਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੰਦਿਆ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਕੋਲ ਪੁੱਜਣ ਵਾਲੇ ਸੰਕਲਪਾਂ ‘ਚੋਂ ਚੁਣੇ ਸਭ ਤੋਂ ਬਿਹਤਰ ਸੰਕਲਪ ਜਾਂ ਯੋਜਨਾ ਭੇਜਣ ਵਾਲੇ ਭਵਿੱਖੀ ਕਾਰੋਬਾਰੀ ਆਪਣੀ ਪ੍ਰੈਜੈਂਟੇਸ਼ਨ ਦੇਣਗੇ ਅਤੇ ਹਰ ਵਰਗ ਦੇ ਜੇਤੂਆਂ ਨੂੰ 51-51 ਹਜਾਰ ਰੁਪਏ ਨਕਦ, ਸੀਡ ਫੰਡਿੰਗ, ਏਂਜਲ ਇਨਵੈਸਟਰ ਵੱਲੋਂ ਨਿਵੇਸ਼ ਸਹਾਇਤਾ ਤੋਂ ਇਲਾਵਾ ਕਰਜ਼ ਤੇ ਸਬਸਿਡੀ, ਸਟਾਰਟ-ਅੱਪ ਪੋਰਟਲ ‘ਤੇ ਰਜਿਸਟ੍ਰੇਸ਼ਨ ਆਦਿ ਮੁਹੱਈਆ ਕਰਵਾਏਗਾ। ਜਦਕਿ ਹੋਰ ਵਧੀਆ ਸੁਝਾਓ ਭੇਜਣ ਵਾਲਿਆਂ ਨੂੰ ਬੈਂਕ ਟਾਈ-ਅਪ ਤੇ ਰਾਏ-ਮਸ਼ਵਰੇ ਦੀ ਸਹੂਲਤ ਦਿੱਤੀ ਜਾਵੇਗੀ।

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਬਿਊਰੋ ਵੱਲੋਂ ਵੱਧ ਤੋਂ ਵੱਧ ਲੋਕਾਂ ਤੱਕ ਇਸ ਪ੍ਰੋਜੈਕਟ ਸਬੰਧੀ ਪਹੁੰਚ ਬਣਾਉਣ ਲਈ ਰੋਜ਼ਾਨਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਸਕੂਲਾਂ, ਕਾਲਜਾ, ਵੱਖ ਵੱਖ ਵਪਾਰਕ ਅਦਾਰਿਆ ਸਮੇਤ ਰੇੜੀ ਫੜੀ ਲਗਾਉਣ ਵਾਲੇ ਵਿਅਕਤੀ ਤੱਕ ਪਹੁੰਚ ਬਣਾਈ ਗਈ ਹੈ ਤੇ ਆਉਣ ਵਾਲੇ ਦਿਨਾਂ ‘ਚ ਵੀ ਬਿਊਰੋ ਵੱਲੋਂ ਉਪਰਾਲੇ ਜਾਰੀ ਰੱਖੇ ਜਾਣਗੇ ਤਾਂ ਜੋ ਵੱਧ ਤੋ ਵੱਧ ਉਦਮੀ ਇਸ ਦਾ ਲਾਭ ਉਠਾ ਸਕਣ। ਇਸ ਮੌਕੇ ਆਈ.ਟੀ.ਆਈ ਲੜਕੇ ਦੇ ਪ੍ਰਿੰਸੀਪਲ ਵਰਿੰਦਰ ਬਾਂਸਲ ਵੀ ਮੌਜੂਦ ਸਨ।