Connect with us

Punjab

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਵੱਖ ਵੱਖ ਮੁਕਾਬਲਿਆਂ ‘ਚ ਦਿਖਾਇਆ ਚੰਗਾ ਪ੍ਰਦਰਸ਼ਨ

Published

on

ਪਟਿਆਲਾ: ਪੰਜਾਬ ਵਿਚ ਖੇਡਾਂ ਲਈ ਖੁਸ਼ਗਵਾਰ ਮਾਹੌਲ ਤਿਆਰ ਕਰਨ ਅਤੇ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਨੂੰ ਖੇਡਾਂ ਵਿਚ ਨਵੇਂ ਮੌਕੇ ਪ੍ਰਦਾਨ ਕਰਨਾ ਲਈ ਸਥਾਪਤ ਕੀਤੀ ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਪਿਛਲੇ ਦੋ ਸਾਲਾਂ ਦੌਰਾਨ ਕੋਵਿਡ ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪਹਿਲੀ ਵਾਰ ਜ਼ੋਨਲ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਯੂਨੀਵਰਸਿਟੀ ਦਾ ਨਾਂ ਰੋਸ਼ਨ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਦਿਨੀਂ ਅਪ੍ਰੈਲ, 2022 ਬੈਂਗਲੁਰੂ (ਕਰਨਾਟਕ) ਵਿਚ ਦੂਸਰੇ ਖੇਲੋ ਇੰਡੀਆ ਯੂਨੀਵਰਸਿਟੀ ਖੇਡ ਮੁਕਾਬਲੇ ਹੋਏ। ਇਸ ਵਿਚ ਸਪੋਰਟਸ ਯੂਨੀਵਰਸਿਟੀ ਦੀ ਵਿਦਿਆਰਥਣ ਪਲਵਿੰਦਰ ਕੌਰ ਨੇ ਬਾਕਸਿੰਗ ਵਿਚ 80 ਕਿੱਲੋ ਤੋਂ ਵੱਧ ਭਾਰ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਖੇਲੋ ਇੰਡੀਆ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਧਰਮ ਸਿੰਘ, ਕੰਵਰ ਗੁਪਤਾ, ਰਮਨਦੀਪ ਸਿੰਘ ਨੇ ਤਲਵਾਰਬਾਜ਼ੀ ਵਿਚ ਭਾਗ ਲਿਆ।

ਉਨ੍ਹਾਂ ਦੱਸਿਆ ਕਿ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਹੁਣ ਤੱਕ ਆਲ ਇੰਡੀਆ ਇੰਟਰ ਯੂਨੀਵਰਸਿਟੀ (ਏ.ਆਈ.ਆਈ.ਯੂ.) ਵੱਲੋਂ ਕਰਵਾਏ ਲਗਭਗ ਹਰੇਕ ਮੁਕਾਬਲੇ ਵਿਚ ਭਾਗ ਲਿਆ। ਇਨ੍ਹਾਂ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤੇ ਖੇਡ ਪ੍ਰਦਰਸ਼ਨਾਂ ਤੋਂ ਉਨ੍ਹਾਂ ਦੇ ਖੇਡਾਂ ਦੇ ਖੇਤਰ ਵਿਚ ਉੱਚ ਅਤੇ ਉੱਜਵਲ ਭਵਿੱਖ ਦੇ ਚਿੰਨ੍ਹ ਵੇਖੇ ਜਾ ਸਕਦੇ ਹਨ। 4 ਤੋਂ 7 ਮਈ 2022 ਨੂੰ ਹੋਏ ਏ.ਆਈ.ਆਈ ਯੂ. ਖੇਡ ਮੁਕਾਬਲਿਆਂ ਵਿਚ ਯੂਨੀਵਰਸਿਟੀ ਨੇ ਗਤਕੇ ਵਿਚ ਦੋ ਚਾਂਦੀ ਦੇ ਅਤੇ ਦੋ ਕਾਂਸੀ ਦੇ ਤਮਗੇ ਜਿੱਤੇ। ਇਸ ਤਹਿਤ ਯੂਨੀਵਰਸਿਟੀ ਦੇ ਬੂਟਾ ਸਿੰਘ ਤੇ ਅੰਮ੍ਰਿਤਜੋਤ ਸਿੰਘ ਨੇ ਸਿਲਵਰ ਦੇ ਅਤੇ ਹਰਜਿੰਦਰ ਕੌਰ, ਕਾਜਲ ਰਾਠੀ ਤੇ ਸ਼ਾਲੂ ਨੇ ਕਾਂਸੀ ਦੇ ਤਮਗੇ ਜਿੱਤੇ।

28 ਤੋਂ 31 ਮਾਰਚ, 2022 ਵਿਚ ਪੰਜਾਬੀ ਯੂਨੀਵਰਸਿਟੀ ਵਿਚ ਹੋਏ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਜੇਠਾ ਰਾਮ ਨੇ ਵੁਸ਼ੂ ਖੇਡ ਵਿਚ 85 ਕਿੱਲੋ ਤੋਂ ਘੱਟ ਭਾਰ ਵਰਗ ਵਿਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ। ਯੂਨੀਵਰਸਿਟੀ ਦੀ ਵਿਦਿਆਰਥਣ ਪਲਵਿੰਦਰ ਕੌਰ ਨੇ ਬਾਕਸਿੰਗ ਖੇਡ ਵਿਚ ਏ.ਆਈ.ਆਈ ਯੂ. ਵਿਚ 17 ਤੋਂ 22 ਦਸੰਬਰ 2021 ਨੂੰ ਹੋਣ ਵਾਲੇ ਮੁਕਾਬਲੇ ਵਿਚ 80 ਕਿੱਲੋ ਤੋਂ ਵੱਧ ਭਾਰ ਵਿਚ ਤੀਸਰਾ ਸਥਾਨ ਹਾਸਿਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ।ਇਕ ਹੋਰ ਮਹੱਤਵਪੂਰਨ ਮੁਕਾਬਲੇ ਵਿਚ ਯੂਨੀਵਰਸਿਟੀ ਨੇ ਤਲਵਾਰਬਾਜ਼ੀ (ਪੁਰਸ਼) ਖੇਡ ਵਿਚ ਏ.ਆਈ.ਆਈ ਯੂ. ਵਿਚ 07 ਤੋਂ 10 ਜਨਵਰੀ 2022 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਣ ਵਾਲੇ ਮੁਕਾਬਲੇ ਵਿਚ ਭਾਗ ਲਿਆ ਅਤੇ ਸਬਰੇ ਟੀਮ ਵਿਚ ਪਹਿਲੇ ਅੱਠਾਂ ਵਿਚ ਮੁਕਾਬਲਾ ਪੂਰਾ ਕੀਤਾ। ਯੂਨੀਵਰਸਿਟੀਆਂ ਦੀਆਂ ਬੈਡਮਿੰਟਨ (ਮਹਿਲਾ), ਵਾਲੀਵਾਲ (ਮਹਿਲਾ ਤੇ ਪੁਰਸ਼) ਟੀਮਾਂ ਨੇ ਵੱਖ-ਵੱਖ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਹ ਸੂਚੀ ਤੋਂ ਇਲਾਵਾ ਹੋਰਨਾਂ ਮੁਕਾਬਲਿਆਂ ‘ਚ ਵੀ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਹੈ।

ਇਸ ਤਰ੍ਹਾਂ ਮਹਾਰਾਜਾ ਭੁਪਿੰਦਰ ਸਿੰਘ ਯੂਨੀਵਰਸਿਟੀ ਆਪਣੀਆਂ ਨਿੱਕੀਆਂ ਨਿੱਕੀਆਂ ਪਰ ਵੱਡੀ ਮਹੱਤਤਾ ਵਾਲੀਆਂ ਜਿੱਤਾਂ ਦਰਜ ਕਰਦੀ ਜਾ ਰਹੀ ਹੈ ਜੋ ਇਸ ਦੇ ਭਵਿੱਖੀ ਸਫ਼ਰ ਦੀ ਆਧਾਰਸ਼ਿਲਾ ਬਣਨਗੀਆਂ। ਉਮੀਦ ਹੈ ਕਿ ਪੰਜਾਬ ਸਪੋਰਟਸ ਯੂਨੀਵਰਸਿਟੀ ਆਪਣੇ ਮਾਟੋ “ਨਿਸਚੈ ਕਰ ਅਪਨੀ ਜੀਤ ਕਰੂੰ” ‘ਤੇ ਚਲਦਿਆਂ ਭਵਿੱਖ ਵਿਚ ਸ਼ਾਨਾਂਮੱਤੀਆਂ ਪ੍ਰਾਪਤੀ ਕਰੇਗੀ ਅਤੇ ਖੇਡਾਂ ਦੇ ਖੇਤਰ ਵਿਚ ਚਾਨਣ-ਮੁਨਾਰੇ ਦਾ ਕਾਰਜ ਕਰੇਗੀ।