Connect with us

Punjab

ਡਿਪਟੀ ਕਮਿਸ਼ਨਰ ਵੱਲੋਂ ਸਾਕੇਤ ਹਸਪਤਾਲ ਦਾ ਦੌਰਾ

Published

on

ਪਟਿਆਲਾ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਸਾਕੇਤ ਹਸਪਤਾਲ ਦਾ ਦੌਰਾ ਕਰਕੇ ਇਥੇ ਦਾਖਲ ਮਰੀਜ਼ਾਂ ਲਈ ਸ਼ੁਰੂ ਕੀਤੇ ਜਾਣ ਵਾਲੇ ਹੁਨਰ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਉਨ੍ਹਾਂ ਇਥੇ ਨਵੇਂ ਬਣਾਏ ਪੇਂਟਿੰਗ ਰੂਮ ਤੇ ਜਿੰਮ ਦਾ ਜਾਇਜ਼ਾ ਵੀ ਲਿਆ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ ਹੀਲਿੰਗ ਹਸਪਤਾਲ ਵੱਲੋਂ ਪੰਜਾਬ ਸਟੇਟ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਮੈਗਾ ਮੈਡੀਕਲ ਕੈਂਪ ਦੀ ਸ਼ੁਰੂਆਤ ਵੀ ਕੀਤੀ ਗਈ।

ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਦਾਖਲ ਮਰੀਜ਼ਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਨਸ਼ੇ ਦੀ ਅਲਾਮਤ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਮੁੜਵਸੇਬੇ ਲਈ ਆਪਣਾ ਕੰਮ ਸ਼ੁਰੂ ਕਰਨ ਦੇ ਚਾਹਵਾਨ ਵਿਅਕਤੀ ਲਈ ਇਥੇ ਜਲਦੀ ਹੀ ਹੁਨਰ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ‘ਚ ਮੋਬਾਇਲ ਰਿਪੇਅਰ ਵਰਗੇ ਕੋਰਸਾਂ ਦੀ ਵੀ ਟ੍ਰੇਨਿੰਗ ਦਿੱਤੀ ਜਾਵੇਗੀ, ਜਿਸ ਨਾਲ ਠੀਕ ਹੋਣ ਤੋਂ ਬਾਅਦ ਉਹ ਆਪਣਾ ਕੰਮ ਸ਼ੁਰੂ ਕਰਕੇ ਆਪਣੇ ਪੈਰਾ ਸਿਰ ਹੋ ਸਕਣਗੇ। ਦਾਖਲ ਮਰੀਜ਼ਾਂ ਵੱਲੋਂ ਵੀ ਹੁਨਰ ਸਿਖਲਾਈ ਕੋਰਸਾਂ ਲਈ ਉਤਸ਼ਾਹ ਦਿਖਾਇਆ ਗਿਆ ਅਤੇ ਟ੍ਰੇਨਿੰਗ ਪ੍ਰਾਪਤ ਕਰਕੇ ਸਮਾਜ ਦੀ ਮੁੱਖ ਧਾਰਾ ‘ਚ ਸ਼ਾਮਲ ਹੋਣ ਦਾ ਉਨ੍ਹਾਂ ਅਹਿਦ ਵੀ ਲਿਆ। ਸਾਕਸ਼ੀ ਸਾਹਨੀ ਨੇ ਹਸਪਤਾਲ ‘ਚ ਬਣਾਏ ਗਏ ਪੇਂਟਿੰਗ ਰੂਮ ਅਤੇ ਜਿੰਮ ਦਾ ਦੌਰਾ ਕਰਦਿਆ ਕਿਹਾ ਕਿ ਅਜਿਹੀਆਂ ਉਸਾਰੂ ਗਤੀਵਿਧੀਆਂ ਇਥੇ ਦਾਖਲ ਮਰੀਜ਼ਾਂ ਨੂੰ ਨਵੀਂ ਊਰਜਾ ਪ੍ਰਦਾਨ ਕਰਨਗੀਆਂ। ਇਸ ਮੌਕੇ ਉਨ੍ਹਾਂ ਮਰੀਜ਼ਾਂ ਲਈ ਬਣਾਏ ਜਾਂਦੇ ਖਾਣੇ ਦੀ ਜਾਂਚ ਵੀ ਕੀਤੀ।

ਸਾਕਸ਼ੀ ਸਾਹਨੀ ਨੇ ਸਾਕੇਤ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਵੱਲੋਂ ਸ਼ੁਰੂ ਕੀਤੇ ਗਏ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆ ਦੱਸਿਆ ਕਿ ਇਥੋਂ ਠੀਕ ਹੋਕੇ ਗਏ ਵਿਅਕਤੀ ਮਹੀਨੇ ਦੀ ਹਰੇਕ 13 ਅਤੇ 29 ਤਾਰੀਖ ਨੂੰ ਦਾਖਲ ਮਰੀਜ਼ਾਂ ਦੀ ਕਾਊਂਸਲਿੰਗ ਕਰਦੇ ਹਨ ਅਤੇ ਉਹ ਪਹਿਲਾਂ ਅਤੇ ਹੁਣ ਦੇ ਜੀਵਨ ‘ਚ ਆਏ ਸਕਾਰਾਮਤਮਿਕ ਬਦਲਾਅ ਸਬੰਧੀ ਦੱਸਕੇ ਦਾਖਲ ਮਰੀਜ਼ਾਂ ਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਮਾਹਰਾਂ ਦੇ ਸੁਝਾਅ ਨਾਲ ਇਸ ਖੇਤਰ ‘ਚ ਹੋਰ ਕੰਮ ਵੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਸਾਕੇਤ ਹਸਪਤਾਲ ਵਿਖੇ 24 ਘੰਟੇ ਕਾਰਜਸ਼ੀਲ ਰਹਿਣ ਵਾਲੀ ‘ਸਹਿਯੋਗੀ ਹੈਲਪਲਾਈਨ 0175-2213385’ ਵੀ ਚਲਾਈ ਜਾ ਰਹੀ ਹੈ ਜੋ ਨਸ਼ਾ ਛੱਡਣ ਵਾਲਿਆਂ ਸਮੇਤ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਕਰਨ ਦੇ ਚਾਹਵਾਨਾਂ ਲਈ ਇੱਕ ਚੰਗਾ ਪਲੇਟਫਾਰਮ ਹੈ, ਕਿਉਂਕਿ ਅਜਿਹੇ ਵਿਅਕਤੀਆਂ ਦੀ ਪਛਾਣ ਗੁਪਤ ਰੱਖੀ ਜਾਂਦੀ ਅਤੇ ਉਨ੍ਹਾਂ ਨੂੰ ਬਿਹਤਰ ਸਲਾਹ ਦੇਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹੀਲਿੰਗ ਹਸਪਤਾਲ ਚੰਡੀਗੜ੍ਹ ਵੱਲੋਂ ਲਗਾਏ ਮੈਗਾ ਮੈਡੀਕਲ ਜਾਂਚ ਕੈਂਪ ਦੀ ਸਰਹਾਨਾ ਕਰਦਿਆ ਕਿਹਾ ਕਿ ਮਾਹਰਾਂ ਡਾਕਟਰਾਂ ਦੀ ਟੀਮ ਵੱਲੋਂ ਜਿਥੇ ਵੱਡੀ ਗਿਣਤੀ ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ, ਉਥੇ ਹੀ ਮੁਫ਼ਤ ਐਕਸ-ਰੇਅ, ਬੀ.ਐਮ.ਡੀ., ਬੀ.ਪੀ., ਸ਼ੂਗਰ ਦੇ ਟੈਸਟ ਕੀਤੇ ਗਏ ਹਨ। ਉਨ੍ਹਾਂ ਹੀਲਿੰਗ ਹਸਪਤਾਲ ਦੇ ਡਾਕਟਰਾਂ ਨੂੰ ਸਮੇਂ ਸਮੇਂ ‘ਤੇ ਅਜਿਹੇ ਕੈਂਪ ਲਗਾਉਣ ਲਈ ਕਿਹਾ। ਹੀਲਿੰਗ ਹਸਪਤਾਲ ਦੇ ਡਾਕਟਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਭਵਿੱਖ ‘ਚ ਵੀ ਪਟਿਆਲਾ ਸ਼ਹਿਰ ‘ਚ ਅਜਿਹੇ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਮੈਡੀਕਨ ਕੈਂਪ ‘ਚ 200 ਤੋਂ ਵਧੇਰੇ ਲੋਕਾਂ ਵੱਲੋਂ ਆਪਣੀ ਸਿਹਤ ਜਾਂਚ ਕਰਵਾਈ ਗਈ ਹੈ।  ਕੈਂਪ ਦੌਰਾਨ ਕੋਵਿਡ ਟੀਕਾਕਰਨ ਦਾ ਵਿਸ਼ੇਸ਼ ਕੈਂਪ ਵੀ ਲਗਾਇਆ ਗਿਆ।

ਇਸ ਮੌਕੇ ਡੀ.ਡੀ.ਐਫ. ਮੈਡਮ ਪ੍ਰਿਆ, ਸਾਕੇਤ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ, ਹੱਡੀਆਂ ਦੇ ਮਾਹਰ ਡਾਕਟਰ ਤਰਨਦੀਪ ਸਿੰਘ ਗਿੱਲ, ਨਿਊਰੋ ਦੇ ਡਾਕਟਰ ਰਾਕੇਸ਼, ਡਾ. ਚਾਰੂ ਗੌਤਮ, ਸਮਾਜ ਸੇਵੀ ਰਿਸ਼ੀ ਤੋਂ ਇਲਾਵਾ ਵੱਡੀ ਗਿਣਤੀ ਸਟਾਫ਼ ਮੌਜੂਦ ਸੀ।