Connect with us

Punjab

ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਪੰਜਾਬ ਸੂਬਾ ਖੇਡ ਖੇਤਰ ਵਿੱਚੋਂ ਪਛੜਨਾ ਮੰਦਭਾਗਾ, ਬਡੂੰਗਰ

Published

on

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ  ਖੇਲੋ ਇੰਡੀਆ ਖੇਡਾਂ ਦੀ ਸਮਾਪਤੀ ਦੌਰਾਨ ਪੰਜਾਬ ਦੇ ਖਿਡਾਰੀਆਂ ਵੱਲੋਂ ਕੀਤੇ ਗਏ ਨਿਰਾਸ਼ਾਜਨਕ ਪ੍ਰਦਰਸ਼ਨ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਿਸੇ ਸਮੇਂ ਹਿੰਦੁਸਤਾਨ ਵਿੱਚ ਪੰਜਾਬ ਖੇਡਾਂ ਦੇ ਖੇਤਰ ਵਿੱਚ ਮੂਹਰਲੀਆਂ ਕਤਾਰਾਂ ਵਿੱਚ ਰਿਹਾ ਹੈ ਪ੍ਰੰਤੂ ਹੁਣ ਖੇਡਾਂ ਪਿੱਛੋਂ ਪਛੜਨਾ  ਬਹੁਤ ਮੰਦਭਾਗੀ ਤੇ  ਅਫ਼ਸੋਸ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਖੇਡਾਂ ਵਿੱਚ ਹਰਿਆਣਾ ਸੂਬੇ ਦੇ ਖਿਡਾਰੀਆਂ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਇਕ ਵੱਡੀ ਗੱਲ ਹੈ, ਕਿਉਂਕਿ ਹਰਿਆਣਾ ਸਰਕਾਰ ਖੇਡਾਂ ਅਤੇ ਖਿਡਾਰੀਆਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇ ਰਹੀ ਹੈ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ  ਵਧੀਆ ਸਹੂਲਤਾਂ  ਨਾ ਦਿੱਤੇ ਜਾਣ ਕਾਰਨ  ਖੇਡਾਂ ਨੂੰ ਲੈ ਕੇ ਨਿਰਾਸ਼ਾਜਨਕ ਸਥਿਤੀ ਦਾ ਸਾਹਮਣਾ ਕਰਨਾ ਦੇਖਣ ਨੂੰ ਮਿਲ ਰਿਹਾ ਹੈ।

ਬਡੂੰਗਰ ਨੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਡਾਂ ਵਿਚ ਪਛੜਨ ਨਾਲ ਸਰਕਾਰਾਂ ਦੀ ਨਾਕਾਮੀ ਸਾਹਮਣੇ ਆਈ ਹੈ, ਇਨ੍ਹਾਂ ਖੇਡਾਂ ਵਿਚ ਹੋਈ ਨਮੋਸ਼ੀਜਨਕ ਹਾਰ ਕਾਰਨ ਖੇਡਾਂ ਦੇ ਖੇਤਰ ਵਿੱਚੋਂ ਪੰਜਾਬ ਪੱਛੜਦਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਭਾਵੇਂ  1966 ਵਿੱਚ ਪੰਜਾਬੀ ਸੂਬਾ ਬਣਿਆ ਸੀ ਤੇ ਹਰਿਆਣਾ ਪੰਜਾਬ ਨਾਲੋਂ ਵੱਖ ਹੋ ਗਿਆ ਸੀ ਇਕੋ ਸੂਬੇ ਦੇ ਉਹ ਬਣੇ ਦੋਵੇਂ ਪ੍ਰਾਂਤਾਂ ਵਿਚ ਐਨਾ ਫਰਕ ਦੇਖਣ ਨੂੰ ਮਿਲ ਰਿਹਾ ਹੈ ਕਿ ਹਰਿਆਣਾ ਅੱਜ ਖੇਡਾਂ ਵਿੱਚ  ਹਿੰਦੁਸਤਾਨ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਰਿਹਾ ਹੈ ਅਤੇ ਦੂਜਾ ਪੰਜਾਬ ਪਛੜ ਕੇ ਨੌਵੇਂ ਨੰਬਰ ਤੇ ਰਹਿ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਸ਼ਾਇਦ ਇਸ ਕਰਕੇ ਹੋਇਆ ਕਿ ਪੰਜਾਬ ਵਿੱਚ ਖਿਡਾਰੀਆਂ ਨੂੰ ਯੋਗ ਖੇਡ ਸਹੂਲਤਾਂ ਨਾ ਮਿਲ ਸਕੀਆਂ ਹੋਣ। ਬਡੂੰਗਰ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਡਾਂ ਦੇ ਖੇਤਰ ਨੂੰ ਉੱਪਰ ਚੁੱਕਣ ਲਈ ਖਿਡਾਰੀਆਂ ਨੂੰ ਯੋਗ  ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਖਿਡਾਰੀ ਵੱਡੇ ਪੱਧਰ ਤੇ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਰੁਸ਼ਨਾ ਸਕਣ ।