Connect with us

Punjab

ਮੁੜ ਵਰਤੋਂ ਯੋਗ ਪਲਾਸਟਿਕ ਤੋਂ ਸਜਾਵਟੀ ਵਸਤਾਂ ਬਣਾਉਣ ਦੇ ਮੁਕਾਬਲੇ ਕਰਵਾਏ

Published

on

ਪਟਿਆਲਾ, :

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਮੁੜ ਵਰਤੋਂ ਯੋਗ ਪਲਾਸਟਿਕ ਤੋਂ ਸਜਾਵਟੀ ਵਸਤਾਂ ਬਣਾਉਣ ਦੇ ਅੱਜ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜੇਤੂ ਸਿੱਖਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਤੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਵੀ ਮੌਜੂਦ ਸਨ।


ਡਿਪਟੀ ਕਮਿਸ਼ਨਰ ਨੇ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਖਰਾਬ ਹੋ ਚੁੱਕੀਆਂ ਬੋਤਲਾਂ ਨੂੰ ਰੀਸਾਈਕਲ ਕਰਕੇ ਸਜਾਵਟੀ ਸਮਾਨ ‘ਚ ਬਦਲਣਾ ਵੀ ਇਕ ਕਲਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਖਾਲੀ ਬੋਤਲਾਂ ਦਾ ਵਰਟੀਕਲ ਗਾਰਡਨ ਮਿੰਨੀ ਸਕੱਤਰੇਤ ਵਿਖੇ ਬਣਾਇਆ ਗਿਆ ਹੈ ਅਤੇ ਲੋਕਾਂ ਨੂੰ ਇਸ ਦੀ ਵਰਤੋਂ ਕਰਕੇ ਗਾਰਡਨ ਬਣਾਉਣ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਖਾਲੀ ਬੋਤਲਾਂ ਦਾ ਬੈਂਕ ਵੀ ਬਣਾਇਆ ਗਿਆ ਹੈ, ਜਿਥੋਂ ਕੋਈ ਵੀ ਵਿਅਕਤੀ ਖਾਲੀ ਬੋਤਲਾਂ ਪ੍ਰਾਪਤ ਕਰਕੇ ਗਾਰਡਨ ਬਣਾ ਸਕਦਾ ਹੈ। ਸਾਕਸ਼ੀ ਸਾਹਨੀ ਨੇ ਸਿੱਖਿਆਰਥੀਆਂ ਨੂੰ ਭਵਿੱਖ ਵਿਚ ਵੀ ਅਜਿਹੇ ਮੁਕਾਬਲਿਆਂ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਰੁੱਖਾਂ ਦੀ ਸੰਭਾਲ ਕਰਨ, ਰੁੱਖਾਂ ਨੂੰ ਨਾ ਕੱਟਣਾ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੰਦੇਸ਼ ਵੀ ਦਿੱਤਾ।

ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਗਗਨਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ‘ਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਟ੍ਰੇਨਿੰਗ ਕਰ ਰਹੇ ਸਿੱਖਿਆਰਥੀਆਂ ਨੇ ਹਿੱਸਾ ਲਿਆ ਅਤੇ ਵੱਖ ਵੱਖ ਤਰਾਂ ਦੇ ਗਮਲੇ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਸਿੱਖਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਨਮਾਨਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।