Connect with us

Punjab

ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਲੱਗੇ ਸਮਰ ਕੈਂਪ ਦਾ ਵੱਡੀ ਗਿਣਤੀ ਵਿਦਿਆਰਥੀਆਂ ਨੇ ਉਠਾਇਆ ਲਾਭ

Published

on

ਪਟਿਆਲਾ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰ ਕੌਰ ਦੀ ਅਗਵਾਈ ‘ਚ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ।

ਸਿੱਖਿਆ ਵਿਭਾਗ ਵੱਲੋਂ ਲਗਾਏ ਗਏ ਸਮਰ ਕੈਂਪ ਦੀ ਪ੍ਰਸੰਸਾ ਕਰਦਿਆ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਕੰਮ ਕਰਦੇ ਹਨ ਤੇ ਵਿਦਿਆਰਥੀਆਂ ਨੂੰ ਕੈਂਪ ਦੌਰਾਨ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪੜਾਈ ਦੇ ਨਾਲ ਨਾਲ ਅਜਿਹੀਆਂ ਗਤੀਵਿਧੀਆਂ ਬੱਚੇ ਦਾ ਬੌਧਿਕ ਵਿਕਾਸ ਕਰਦੀਆਂ ਹਨ ਤੇ ਬੱਚੇ ਦੇ ਭਵਿੱਖ ਨੂੰ ਨਵੀਂ ਰਾਹ ਪ੍ਰਦਾਨ ਕਰਦੀਆਂ ਹਨ।

ਸਮਰ ਕੈਂਪ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਪੜਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਾਂਝੇ ਰੂਪ ਵਿੱਚ ਆਨ ਲਾਈਨ ਤੇ ਆਫ਼ ਲਾਈਨ ਤਰੀਕੇ ਨਾਲ ਸਮਰ ਕੈਂਪ ‘ਚ ਸ਼ਮੂਲੀਅਤ ਕਰਕੇ ਗਰਮੀਆਂ ਦੀਆਂ ਛੁੱਟੀਆਂ ਦੇ ਸਮੇਂ ਦਾ ਲਾਹਾ ਖੱਟਿਆ। ਵਿਦਿਆਰਥੀਆਂ ਨੇ ਪੇਂਟਿੰਗ, ਯੋਗਾ, ਡਰਾਇੰਗ, ਡਾਂਸ, ਗਿੱਧਾ, ਭੰਗੜਾ, ਨੁੱਕੜ ਨਾਟਕ, ਗੀਤ ਆਦਿ ਵਰਗੀਆਂ ਗਤੀਵਿਧੀਆਂ ਵਿਚ ਆਪਣੀ ਪ੍ਰਤੀਭਾ ਅਤੇ ਸ਼ੌਕ ਅਨੁਸਾਰ ਭਾਗ ਲਿਆ। ਇਨ੍ਹਾਂ ਕਿਰਿਆਵਾਂ ਦੇ ਨਾਲ-ਨਾਲ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਸਬੰਧਤ ਮੁਸ਼ਕਲਾਂ ਦਾ ਹੱਲ ਕਰਨ ਲਈ ਸਪੈਸ਼ਲ ਕਲਾਸਾਂ ਵੀ ਲਗਾਈਆਂ ਗਈਆਂ ਤਾਂ ਜੋ ਵਿਦਿਆਰਥੀ ਨੂੰ ਆ ਰਹੀਆਂ ਪੜ੍ਹਾਈ ਨਾਲ ਸਬੰਧਤ ਪਰੇਸ਼ਾਨੀਆਂ ਦਾ ਹੱਲ ਵੀ ਨਾਲ ਦੀ ਨਾਲ ਕਰਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 370 ਸਕੂਲਾਂ ਦੇ ਵਿੱਚੋਂ ਹਰੇਕ ਸਕੂਲ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪ ਦਾ ਆਯੋਜਨ ਕੀਤਾ ਜਿਸ ‘ਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ‘ਤੇ ਲਗਾਏ ਗਏ ਸਮਰ ਕੈਂਪ ਦਾ ਵਿਦਿਆਰਥੀਆਂ ਵੱਲੋਂ ਭਰਪੂਰ ਲਾਹਾਂ ਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾ ਕੇ ਬੱਚਿਆਂ ਦੇ ਸਰਬਪੱਖੀ ਵਿਕਾਸ ਕਰਨ ਦੀ ਵਚਨਬੱਧਤਾ ਵੀ ਦੁਹਰਾਈ।