Punjab
ਸਾਫ਼ਟ ਸਕਿੱਲ ਦਾ ਕੋਰਸ ਪੂਰਾ ਕਰਨ ਵਾਲੇ ਪ੍ਰਾਰਥੀਆਂ ਨੂੰ ਸਰਟੀਫਿਕੇਟ ਵੰਡੇ

ਪਟਿਆਲਾ:
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਇੱਕ ਵੱਖਰਾ ਉਪਰਾਲਾ ਕਰਦਿਆਂ ਪਟਿਆਲਾ ਜ਼ਿਲ੍ਹੇ ਦੇ ਲੋੜਵੰਦ ਅਤੇ ਇੱਛੁਕ ਨੌਜਵਾਨਾਂ ਲਈ ਮੁਫ਼ਤ ਕੋਰਸ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਕੋਰਸ ਪੂਰਾ ਕਰਨ ਵਾਲੇ ਪ੍ਰਾਰਥੀਆਂ ਨੂੰ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਵੱਲੋਂ ਸਰਟੀਫਿਕੇਟ ਤਕਸੀਮ ਕੀਤੇ ਗਏ।
ਇਸ ਮੌਕੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰਸ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਸਾਫ਼ਟ ਸਕਿੱਲ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਭਵਿੱਖ ਵਿੱਚ ਆਉਣ ਵਾਲੀ ਬੀ.ਪੀ.ਓ. ਸੈਕਟਰ ਭਰਤੀ ਦੇ ਕਾਬਲ ਬਣਾਉਣਾ ਹੈ।
ਉਨ੍ਹਾਂ ਦੱਸਿਆ ਕਿ ਕੋਰਸ ਦੌਰਾਨ ਪ੍ਰਾਰਥੀਆਂ ਨੂੰ ਪਰਸਨੈਲਟੀ ਡਿਵੈਲਪਮੈਂਟ, ਇੰਟਰਵਿਊ ਸਕਿੱਲਜ਼, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਹੁਨਰ ਨੂੰ ਨਿਖਾਰਨ ਲਈ ਲੋੜੀਂਦੀ ਸਿੱਖਿਆ ਦਿੱਤੀ ਗਈ ਅਤੇ ਟ੍ਰੇਨਿੰਗ ਉਪਰੰਤ ਉੱਘੀਆਂ ਕੰਪਨੀਆਂ ਜਿਵੇਂ ਕਿ ਟੈਲੀਪਰਫਾਰਮੈਂਸ, ਟੈਕ ਮਹਿੰਦਰਾ, ਡਾ. ਆਈ.ਟੀ.ਐਮ, ਆਦਿ ਕੰਪਨੀਆਂ ਵਿੱਚ ਇੰਟਰਵਿਊ ਕਰਵਾਈ ਗਈ ਹੈ।
ਇਸ ਮੌਕੇ ਰੋਜ਼ਗਾਰ ਅਫ਼ਸਰ ਪਟਿਆਲਾ ਸਿੰਪੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਇਹ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਤਾਂ ਜੋ ਸਰਕਾਰ ਵੱਲੋਂ ਸਥਾਪਿਤ ਢਾਂਚੇ ਨੂੰ ਲੋੜਵੰਦ ਪ੍ਰਾਰਥੀਆਂ ਦੀ ਭਲਾਈ ਲਈ ਲਾਹੇਵੰਦ ਬਣਾਇਆ ਜਾ ਸਕੇ। ਬਿਊਰੋ ਵੱਲੋਂ ਸ਼ੁਰੂ ਕਰਵਾਏ ਇਸ ਕੋਰਸ ਦਾ ਮੰਤਵ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪਟਿਆਲਾ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਹੁਨਰ ਨੂੰ ਨਿਖਾਰ ਕੇ ਆਪਣੇ ਪੈਰਾਂ ਉਤੇ ਖੜ੍ਹਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮਿਤੀ1ਅਗਸਤ2022ਤੋਂ16ਅਗਸਤ2022ਤੱਕ 48 ਨੌਜਵਾਨਾਂ ਨੂੰ ਸਾਫ਼ਟ ਸਕਿੱਲ ਦਾ ਕੋਰਸ ਕਰਵਾਇਆ ਗਿਆ ਹੈ।
ਇਸ ਮੌਕੇ ਉਨ੍ਹਾਂ ਵੱਲੋਂ ਹਾਜ਼ਰ ਸਿੱਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਦੌਰਾਨ ਡਿਪਟੀ ਸੀ.ਈ.ਓ.ਸਤਿੰਦਰ ਸਿੰਘ,ਪਲੇਸਮੈਂਟ ਅਫ਼ਸਰ ਗੁਰਸ਼ਰਨਪ੍ਰੀਤ ਕੌਰ ਸਮੇਤ ਸਿੱਖਿਆਰਥੀ ਹਾਜ਼ਰ ਸਨ।