Punjab
ਡਿਪਟੀ ਕਮਿਸ਼ਨਰ ਵੱਲੋਂ ਸਰਦੀ ਰੁੱਤ ਦੀਆਂ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ ਜਾਰੀ

ਪਟਿਆਲਾ:
ਹਰ ਇੱਕ ਵਿਅਕਤੀ ਨੂੰ ਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਉਗਾ ਕੇ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਜਿੱਥੇ ਘਰੇਲੂ ਵਰਤੋਂ ਲਈ ਜ਼ਹਿਰ ਮੁਕਤ ਜੈਵਿਕ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ, ਉਥੇ ਹੀ ਬੱਚਤ ਵੀ ਹੁੰਦੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬਾਗਬਾਨੀ ਵਿਭਾਗ ਪਟਿਆਲਾ ਵੱਲੋਂ ਘਰੇਲੂ ਬਗੀਚੀ ਵਾਸਤੇ ਸਰਦੀ ਰੁੱਤ 2022 ਦੀਆਂ ਮਿੰਨੀ ਕਿੱਟਾਂ ਜਾਰੀ ਕਰਦੇ ਹੋਏ ਕੀਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਹੈਦਰਾਬਾਦ ਅਨੁਸਾਰ ਹਰ ਵਿਅਕਤੀ ਨੂੰ ਰੋਜ਼ਾਨਾ 300 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਇਨ੍ਹਾਂ ਵਿੱਚੋਂ120 ਗ੍ਰਾਮ ਹਰੇ ਪੱਤੇ ਵਾਲੀਆਂ, 90 ਗ੍ਰਾਮ ਜੜ੍ਹਾਂ ਵਾਲੀਆਂ ਅਤੇ 90 ਗ੍ਰਾਮ ਹੋਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਸ ਤੋਂ ਬਿਨ੍ਹਾਂ 100 ਗ੍ਰਾਮ ਫਲ ਵੀ ਰੋਜ਼ਾਨਾ ਖਾਣੇ ਚਾਹੀਦੇ ਹਨ।
ਡਿਪਟੀ ਡਾਇਰੈਕਟਰ ਬਾਗਬਾਨੀ ਨਰਿੰਦਰਬੀਰ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਮਿੰਨੀ ਕਿੱਟਾਂ ਵਿੱਚ ਪਾਲਕ, ਮੇਥੀ, ਧਨੀਆ, ਮੂਲੀ, ਗਾਜਰ, ਸ਼ਲਗਮ, ਮਟਰ, ਸਾਗ, ਚੀਨੀ ਸਰ੍ਹੋਂ ਆਦਿ ਬੀਜ ਉਪਲਬਧ ਹਨ ਅਤੇ ਇੱਕ ਕਿੱਟ ਦਾ ਮੁੱਲ ਸਿਰਫ਼ 80 ਰੁਪਏ ਹੈ। ਇਸ ਕਿੱਟ ਦੇ ਬੀਜ 6 ਮਰਲੇ ਰਕਬੇ ਵਿੱਚ ਬੀਜੇ ਜਾ ਸਕਦੇ ਹਨ ਜਿਸ ਵਿਚੋਂ 400 ਕਿਲੋ ਤਾਜ਼ੀ ਸਬਜ਼ੀ ਪੈਦਾ ਕੀਤੀ ਜਾ ਸਕਦੀ ਹੈ ਅਤੇ ਇਹ 7 ਜੀਆਂ ਦੇ ਪਰਿਵਾਰ ਲਈ ਕਾਫ਼ੀ ਹੈ।
ਉਨ੍ਹਾਂ ਦੱਸਿਆ ਕਿ ਇਹ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ ਦਫ਼ਤਰ ਉਪ ਡਾਇਰੈਕਟਰ ਬਾਗਬਾਨੀ ਪਟਿਆਲਾ, ਬਾਗਬਾਨੀ ਵਿਕਾਸ ਅਫ਼ਸਰ ਭੱਦਕ ਫਾਰਮ (ਰਾਜਪੁਰਾ), ਸਮਾਣਾ. ਭੁਨਰਹੇੜੀ ਅਤੇ ਨਾਭਾ ਦੇ ਦਫ਼ਤਰਾਂ ਵਿਖੇ ਵੀ ਉਪਲਬਧ ਹਨ। ਉਨ੍ਹਾਂ ਜ਼ਿਮੀਂਦਾਰ ਭਰਾਵਾਂ ਅਤੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਬਜ਼ੀਆਂ ਆਪਣੇ ਖੇਤਾਂ, ਖਾਲੀ ਪਲਾਟਾਂ, ਘਰਾਂ ਵਿਚ ਪਈ ਖਾਲੀ ਥਾਂ ਜਾਂ ਟਿਊਬਵੈੱਲ ਉੱਤੇ ਜ਼ਰੂਰ ਬੀਜੀ ਜਾਵੇ। ਜੈਵਿਕ ਤਰੀਕੇ ਨਾਲ ਸਬਜ਼ੀ ਪੈਦਾ ਕਰਨ ਲਈ ਆਪਣੇ ਬਲਾਕ ਦੇ ਸਬੰਧਤ ਬਾਗਬਾਨੀ ਵਿਕਾਸ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।