Punjab
ਸਿਹਤ ਮੰਤਰੀ ਨੇ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਦਫਤਰ ਦੀ ਕੀਤੀ ਅਚਨਚੇਤ ਚੈਕਿੰਗ
ਚੰਡੀਗੜ, :
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਤੇ ਬਿਹਤਰ ਢੰਗ ਨਾਲ ਚਲਾਉਣ ਦੇ ਮੱਦੇਨਜ਼ਰ ਸਿਹਤ ਮੰਤਰੀ ਪੰਜਾਬ ਸ. ਚੇਤਨ ਸਿੰਘ ਜੌੜੇਮਾਜਰਾ ਨੇ ਅੱਜ ਸ਼ੁੱਕਰਵਾਰ ਸ਼ਾਮ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਆਮ ਲੋਕਾਂ ਨੂੰ ਸਰਕਾਰੀ ਵਿਭਾਗਾਂ ਵਿੱਚ ਡਾਕਟਰੀ ਸੇਵਾਵਾਂ ਲੈਣ ਦੌਰਾਨ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਮੰਤਰੀ ਨੇ ਵੱਖ-ਵੱਖ ਸ਼ਾਖਾਵਾਂ ਦੇ ਦਫਤਰਾਂ ਵਾਲੀ ਬਹੁ-ਮੰਜ਼ਿਲਾ ਇਮਾਰਤ ਦੇ ਹਰੇਕ ਕਮਰੇ ਦੀ ਨਿੱਜੀ ਤੌਰ ‘ਤੇ ਜਾਂਚ ਕੀਤੀ। ਉਨਾਂ ਦਫਤਰ ਦੇ ਕਰਮਚਾਰੀਆਂ/ਅਧਿਕਾਰੀਆਂ ਦੀਆਂ ਸੀਟਾਂ ‘ਤੇ ਉਨਾਂ ਦੀ ਹਾਜਰੀ ਵੀ ਚੈੱਕ ਕੀਤੀ।
ਇਸ ਤੋਂ ਇਲਾਵਾ ਜਿਹੜੇ ਕਰਮਚਾਰੀ ਕਿਸੇ ਸਰਕਾਰੀ ਕੰਮ ਲਈ ਦੌਰੇ ‘ਤੇ ਗਏ ਸਨ, ਉਨਾਂ ਦੀ ਲੋਕੇਸ਼ਨ ਵੀ ਚੈੱਕ ਕੀਤੀ ਗਈ। ਸਿਹਤ ਮੰਤਰੀ ਵੱਲੋਂ ਦਫਤਰ ਵਿੱਚ ਮੁਲਾਜਮਾਂ ਦੀ ਹਾਜਰੀ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸ. ਜੌੜਾਮਾਜਰਾ ਨੇ ਆਪਣੇ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਵਿਭਾਗਾਂ ਦੇ ਕੰਮਕਾਜ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ ਤਾਂ ਜੋ ਆਮ ਲੋਕਾਂ ਨੂੰ ਨਾਗਰਿਕ ਸੇਵਾਵਾਂ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਉਨਾਂ ਅੱਗੇ ਕਿਹਾ ਕਿ ਗੈਰਹਾਜਰ ਪਾਏ ਜਾਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਮੰਤਵ ਪ੍ਰਸ਼ਾਸਨਿਕ ਕੰਮ ਕਾਜ ‘ਚ ਸੁਧਾਰ ਲਿਆਉਣਾ ਹੈ ਅਤੇ ਸਰਕਾਰ ਦਾ ਕਿਸੇ ਨੂੰ ਡਰਾਉਣ-ਧਮਕਾਉਣ ਦਾ ਕੋਈ ਇਰਾਦਾ ਨਹੀਂ ਹੈ।