Punjab
ਸੁਣਨ ਤੇ ਬੋਲਣ ਤੋਂ ਅਸਮਰਥ ਗੁੰਮਸ਼ੁਦਾ ਬੱਚਾ ਮਾਪਿਆ ਨੂੰ ਸੌਂਪਿਆ
ਪਟਿਆਲਾ:
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਇਨਾ ਕਪੂਰ ਨੇ ਦੱਸਿਆ ਕਿ ਪਿਛਲੇ ਦਿਨੀਂ ਰਾਜਪੁਰਾ ਪੁਲਿਸ ਨੂੰ ਪਿੰਡ ਸ਼ਾਮਦੂ ਮੋੜ ਨੇੜੇ ਸੁਣਨ ਤੇ ਬੋਲਣ ਤੋਂ ਅਸਮਰਥ ਇੱਕ ਗੁੰਮਸ਼ੁਦਾ ਹਾਲਾਤ ਵਿੱਚ ਬੱਚਾ ਮਿਲਿਆ ਸੀ, ਜਿਸ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਭਲਾਈ ਕਮੇਟੀ ਪਟਿਆਲਾ ਵੱਲੋਂ ਸਹੀ ਸਲਾਮਤ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।
ਡਾ. ਸ਼ਾਇਨਾ ਕਪੂਰ ਨੇ ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਰਾਜਪੁਰਾ ਪੁਲਿਸ ਨੂੰ ਮਿਲੇ ਇਸ ਬੱਚੇ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਕਤ ਬੱਚੇ ਨੂੰ ਫ਼ੌਰੀ ਤੌਰ ਉਤੇ ਰਾਜਪੁਰਾ ਦੇ ਬਾਲ ਘਰ ਵਿੱਚ ਰੱਖਿਆ ਗਿਆ ਸੀ ਅਤੇ ਜੇ.ਜੇ. ਐਕਟ 2015 ਦੇ ਰੂਲਾਂ ਮੁਤਾਬਿਕ ਬੱਚੇ ਦਾ ਇਸ਼ਤਿਹਾਰ ਵੱਖ ਵੱਖ ਲੋਕਲ ਤੇ ਨੈਸ਼ਨਲ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕਰਵਾਇਆ ਗਿਆ ਸੀ ਅਤੇ ਬੱਚੇ ਦੇ ਪਰਿਵਾਰ ਵੱਲੋਂ ਇਸ਼ਤਿਹਾਰ ਦੇਖ ਕੇ ਬੱਚੇ ਨੂੰ ਪਛਾਣ ਲਿਆ ਗਿਆ ਅਤੇ ਦਫ਼ਤਰ ਦੇ ਅਧਿਕਾਰੀਆਂ ਨਾਲ ਪਰਿਵਾਰ ਵੱਲੋਂ ਤਾਲਮੇਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਨੂੰ ਬੁਲਾ ਕੇ ਬੱਚੇ ਨਾਲ ਗੱਲਬਾਤ ਕਰਵਾਈ ਗਈ ਅਤੇ ਬਾਅਦ ਵਿੱਚ ਬੱਚੇ ਨੂੰ ਉਸ ਦੇ ਮਾਤਾ ਪਿਤਾ ਨੂੰ ਸੌਂਪ ਦਿੱਤਾ ਗਿਆ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਹਰ ਇੱਕ ਬੱਚੇ ਦੀ ਅਸਲ ਜਗ੍ਹਾ ਉਸ ਦਾ ਪਰਿਵਾਰ ਹੈ ਅਤੇ ਹਰ ਇੱਕ ਮਾਤਾ ਪਿਤਾ ਨੂੰ ਬੱਚਿਆਂ ਦੇ ਮਸਲ ਵਿੱਚ ਸੁਚੇਤ ਰਹਿਣ ਦੀ ਲੋੜ ਹੈ ਅਤੇ ਬੱਚਿਆਂ ਸਬੰਧੀ ਕਿਸੇ ਵੀ ਮੁਸ਼ਕਿਲ ਸਥਿਤੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਜਾਂ ਚਾਈਲਡ ਹੈਲਪ ਲਾਈਨ 1098 ਉਪਰ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ।