Connect with us

Punjab

ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ ਹੇਠ ਗ੍ਰਿਫਤਾਰ

Published

on

ਚੰਡੀਗੜ੍ਹ:

ਵਿਜੀਲੈਂਸ ਬਿਊਰੋ ਪੰਜਾਬ ਨੇ ਦੇਰ ਰਾਤ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਬਿਊਰੋ ਦੇ ਇੱਕ ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.) ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰ ਰਿਹਾ ਸੀ।

ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਨਿਰਦੇਸ਼ਕ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਸਾਬਕਾ ਮੰਤਰੀ ਖਿਲਾਫ ਵਿਜੀਲੈਂਸ ਬਿਊਰੋ ਦੇ ਏ.ਆਈ.ਜੀ. ਉਡਣ ਦਸਤਾ, ਪੰਜਾਬ, ਮਨਮੋਹਨ ਕੁਮਾਰ ਦੇ ਬਿਆਨਾਂ ‘ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਅਧੀਨ ਐਫ.ਆਈ.ਆਰ ਨੰਬਰ 19, ਮਿਤੀ 15-10-2022 ਨੂੰ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਉਸਨੇ ਅੱਗੇ ਦੱਸਿਆ ਕਿ ਏਆਈਜੀ ਮਨਮੋਹਨ ਕੁਮਾਰ ਨੇ ਬਿਊਰੋ ਨੂੰ ਸ਼ਿਕਾਇਤ ਕੀਤੀ ਹੈ ਕਿ ਅਰੋੜਾ ਨੇ 14 ਅਕਤੂਬਰ, 2022 ਨੂੰ ਉਨਾਂ ਨਾਲ ਮੁਲਾਕਾਤ ਕੀਤੀ ਅਤੇ ਉਸ ਵਿਰੁੱਧ ਚੱਲ ਰਹੀ ਵਿਜੀਲੈਂਸ ਜਾਂਚ ਵਿੱਚ ਮੱਦਦ ਕਰਨ ਲਈ ਉਸਨੂੰ ਇੱਕ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ।

ਵਿਜੀਲੈਂਸ ਬਿਊਰੋ ਦੇ ਮੁਖੀ ਨੇ ਅੱਗੇ ਕਿਹਾ ਕਿ ਸਾਬਕਾ ਮੰਤਰੀ ਨੇ ਅਗਲੇ ਦਿਨ 15 ਅਕਤੂਬਰ 2022 ਨੂੰ 50 ਲੱਖ ਰੁਪਏ ਮੌਕੇ ਉਤੇ ਦੇਣ ਅਤੇ ਬਕਾਇਆ ਰਕਮ ਬਾਅਦ ਵਿੱਚ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਏ.ਆਈ.ਜੀ ਨੇ ਇਸ ਬਾਰੇ ਮੁੱਖ ਡਾਇਰੈਕਟਰ ਨੂੰ ਜਾਣੂ ਕਰਵਾ ਦਿੱਤਾ ਜਿਨ੍ਹਾਂ ਨੇ ਮੁਲਜ਼ਮ ਮੰਤਰੀ ਖ਼ਿਲਾਫ਼ ਰਿਸ਼ਵਤਖੋਰੀ ਦਾ ਕੇਸ ਦਰਜ ਕਰਨ ਦੇ ਹੁਕਮ ਦੇ ਦਿੱਤੇ। ਇਸ ਮਾਮਲੇ ਵਿੱਚ ਅਰੋੜਾ ਨੂੰ ਰਿਸ਼ਵਤ ਦਿੰਦੇ ਹੋਏ ਗ੍ਰਿਫ਼ਤਾਰ ਕਰਕੇ ਉਸ ਕੋਲੋਂ 50 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।