Punjab
ਦਲੇਰ ਮਹਿੰਦੀ ਦੀ ਪਟੀਸ਼ਨ ‘ਤੇ ਹਾਈਕੋਰਟ ਨੇ ਵਿਦੇਸ਼ ਮੰਤਰਾਲੇ ਨੂੰ ਜਾਰੀ ਕੀਤਾ ਨੋਟਿਸ
ਮਸ਼ਹੂਰ ਪੰਜਾਬੀ ਗਾਇਕ ਦਲੇਰ ਸਿੰਘ ਮਹਿੰਦੀ ਨੇ ਆਪਣੇ ਪਾਸਪੋਰਟ ਦੇ ਨਵੀਨੀਕਰਨ ਲਈ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਤੇ ਹਾਈ ਕੋਰਟ ਨੇ ਵਿਦੇਸ਼ ਮੰਤਰਾਲੇ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪਟੀਸ਼ਨ ‘ਚ ਦਲੇਰ ਮਹਿੰਦੀ ਨੇ ਹਾਈਕੋਰਟ ਨੂੰ ਦੱਸਿਆ ਕਿ ਉਸ ਨੇ ਵਿਦੇਸ਼ ‘ਚ ਆਯੋਜਿਤ ਹੋਣ ਵਾਲੇ ਪ੍ਰੋਗਰਾਮ ‘ਚ ਸ਼ਾਮਲ ਹੋਣਾ ਹੈ। ਉਸ ਦਾ ਪਾਸਪੋਰਟ ਸਿਰਫ 16 ਮਾਰਚ ਤੱਕ ਵੈਧ ਹੈ ਅਤੇ ਉਸ ਨੇ ਸਥਾਨਕ ਪਾਸਪੋਰਟ ਦਫਤਰ ਵਿਖੇ ਇਸ ਦੇ ਨਵੀਨੀਕਰਨ ਲਈ ਅਰਜ਼ੀ ਦਿੱਤੀ ਹੈ ਅਤੇ ਇਸ ਦਾ ਫੈਸਲਾ ਹੋਣਾ ਬਾਕੀ ਹੈ।
ਦਲੇਰ ਸਿੰਘ ਮਹਿੰਦੀ ਨੂੰ ਮਨੁੱਖੀ ਤਸਕਰੀ ਦੇ ਦੋਸ਼ ਹੇਠ ਪਿਛਲੇ ਸਾਲ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ। ਹਾਈ ਕੋਰਟ ਨੇ ਸਤੰਬਰ 2022 ਵਿੱਚ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ। ਹੁਣ ਦਲੇਰ ਮਹਿੰਦੀ ਨੇ ਆਪਣਾ ਪਾਸਪੋਰਟ ਰੀਨਿਊ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ‘ਤੇ ਹਾਈਕੋਰਟ ਨੇ ਵਿਦੇਸ਼ ਮੰਤਰਾਲੇ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ।