Corona Virus
ਜਾਨ ਤੋਂ ਪਿਆਰੇ ਪੈਸੇ, ਪੈਸਿਆਂ ਲਈ ਲੱਗੀਆਂ ਬੈਂਕਾਂ ਬਾਹਰ ਲਾਈਨਾਂ, ਨਹੀਂ ਕੋਰੋਨਾ ਦੀ ਪਰਵਾਹ
30 ਮਾਰਚ : ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਦੇ ਚੱਲਦਿਆਂ ਇਸ ਨੂੰ ਰੋਕਣ ਲਈ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ। ਲੋਕਾਂ ਨੂੰ ਮੁਸ਼ਕਿਲਾਂ ਆਉਂਦੀਆਂ ਵੇਖ ਕਰਫਿਊ ‘ਚ ਢਿੱਲ ਦਿੱਤੀ ਗਈ। ਸਰਕਾਰੀ ਹੁਕਮਾਂ ‘ਤੇ ਸਾਰੀਆਂ ਬੈਂਕਾਂ ਦੋ ਦਿਨ (30-31 ਮਾਰਚ ) ਲਈ ਖੋਲ੍ਹੀਆਂ ਗਈਆਂ ਹਨ। ਉੱਥੇ ਹੀ ਇਹ ਬੈਂਕਾਂ ਨੂੰ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਤੋਂ ਹਫ਼ਤੇ ‘ਚ ਦੋ ਦਿਨ ਖੋਲ੍ਹਣ ਦਾ ਵੀ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪਰ ਲੋਕਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਣ ਤੋਂ ਜਰਾ ਵੀ ਗੁਰੇਜ਼ ਨਹੀਂ ਕੀਤਾ। ਇਸ ਨੂੰ ਇਹ ਤਸਵੀਰਾਂ ਬਿਆਨ ਕਰ ਰਹੀਆਂ ਹਨ।
ਕਿਸ ਤਰ੍ਹਾਂ ਲੋਕਾਂ ਨੇ ਪੈਸਿਆਂ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਸਰਕਾਰਾਂ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਲੋਕਾਂ ਦਾ ਇਕੱਠ ਨਾ ਕੀਤਾ ਜਾਵੇ ।ਪਰ ਉੱਥੇ ਹੀ ਭੀੜ ਨਾ ਇਕੱਠੀ ਕਰਨ ਦੀਆਂ ਸਰਕਾਰੀ ਹਦਾਇਤਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਬੈਂਕਾਂ ਦੇ ਖੁੱਲ੍ਹਦੇ ਹੀ ਸ਼ਹਿਰਾਂ ਵਿੱਚ ਬੈਂਕਾਂ ਦੇ ਅੱਗੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈ ਹਨ। ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਰਫਿਊ ਦੇ ਚੱਲਦੇ ਏਟੀਐੱਮ ਵਿੱਚ ਪੈਸੇ ਖ਼ਤਮ ਹੋ ਗਏ ਸਨ। ਜਿੱਥੇ ਬ੍ਰਾਂਚਾਂ ਨਾ ਖੁੱਲ੍ਹਣ ਕਾਰਨ ਵੀ ਲੋਕਾਂ ਨੂੰ ਨਕਦੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਓਥੇ ਹੀ ਕਾਰੋਬਾਰੀਆਂ ਨੂੰ ਵੀ ਪੈਸੇ ਨੂੰ ਲੈ ਕੇ ਕਿੱਲਤ ਆ ਰਹੀ ਸੀ। ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਚੱਲਦਿਆਂ ਇਸ ਤਰ੍ਹਾਂ ਭੀੜ ਇਕੱਠੀ ਹੋਣ ਦੇ ਕਾਰਨ ਕੋਰੋਨਾ ਵਾਇਰਸ ਦਾ ਖ਼ਤਰਾ ਵਧਣ ਦੇ ਆਸਾਰ ਬਣੇ ਹੋਏ ਹਨ।