Punjab
ਪੰਜਾਬ ਨੂੰ ਮਿਲੇਗੀ ਗਰਮੀ ਤੋਂ ਰਾਹਤ, ਨਵਾਂ ਵੈਸਟਰਨ ਡਿਸਟਰਬੈਂਸ ਹੋਇਆ ਸਰਗਰਮ,ਜਾਣੋ ਵੇਰਵਾ

ਪੰਜਾਬ ‘ਚ ਪੈ ਰਹੀ ਕਹਿਰ ਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਲਈ ਰਾਹਤ ਦੀ ਖਬਰ ਹੈ। ਮੌਸਮ ਵਿਭਾਗ ਨੇ 16 ਮਈ ਤੋਂ ਤਿੰਨ ਦਿਨਾਂ ਤੱਕ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਸੋਮਵਾਰ ਨੂੰ ਪੰਜਾਬ ਭਰ ‘ਚ ਤੇਜ਼ ਗਰਜ ਅਤੇ ਬਿਜਲੀ ਚਮਕਣ ਦੇ ਨਾਲ ਧੂੜ ਭਰੀ ਹਨੇਰੀ ਜਾਰੀ ਰਹੇਗੀ। ਵਿਭਾਗ ਅਨੁਸਾਰ ਇਸ ਦੇ ਪ੍ਰਭਾਵ ਕਾਰਨ ਅਗਲੇ ਤਿੰਨ ਦਿਨਾਂ ਦੌਰਾਨ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ 17 ਮਈ ਦੀ ਰਾਤ ਤੋਂ ਪੰਜਾਬ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਇਸ ਗੜਬੜੀ ਦੇ ਪ੍ਰਭਾਵ ਕਾਰਨ 17 ਮਈ ਨੂੰ ਸੂਬੇ ਦੇ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਇਸ ਦੇ ਨਾਲ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋਵੇਗੀ।
ਫਰੀਦਕੋਟ ਸਭ ਤੋਂ ਗਰਮ ਰਿਹਾ
ਲੁਧਿਆਣਾ, ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਰੋਪੜ ਵਿੱਚ ਸਵੇਰੇ 8.30 ਵਜੇ ਤੱਕ ਹਲਕਾ ਮੀਂਹ ਪਿਆ। ਪੰਜਾਬ ਦੇ ਪਾਰਾ ‘ਚ 0.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਇਹ ਆਮ ਨਾਲੋਂ 1.7 ਡਿਗਰੀ ਵੱਧ ਰਿਹਾ। ਫਰੀਦਕੋਟ 42.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਸੂਬੇ ਦੇ ਹੋਰ ਵੱਡੇ ਸ਼ਹਿਰਾਂ ਵਿਚ ਅੰਮ੍ਰਿਤਸਰ ਦਾ ਪਾਰਾ 39.1, ਲੁਧਿਆਣਾ ਦਾ 40.2, ਪਟਿਆਲਾ ਦਾ 41.5, ਪਠਾਨਕੋਟ ਦਾ 40.2, ਬਰਨਾਲਾ ਦਾ 40.3, ਜਲੰਧਰ ਦਾ 39.5 ਅਤੇ ਰੋਪੜ ਦਾ 39.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ ਵਿੱਚ 2.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.6 ਡਿਗਰੀ ਵੱਧ ਸੀ। ਪੰਜਾਬ ਵਿੱਚ ਹੁਸ਼ਿਆਰਪੁਰ ਵਿੱਚ ਸਭ ਤੋਂ ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।