Corona Virus
ਮਜੀਠੀਆ ਵੱਲੋਂ ਸ਼੍ਰੀ ਹਜ਼ੂਰ ਸਾਹਿਬ ਫ਼ਸੇ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਦੀ ਅਪੀਲ

ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਅਤੇ ਮਹਾਂਰਾਸ਼ਟਰ ਦੇ ਸੀਐਮ ਸਮੇਤ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼੍ਰੀ ਹਜ਼ੂਰ ਸਾਹਿਬ ਮੱਥਾ ਟੇਕਣ ਗਈ ਸੰਗਤ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਜਾਵੇ। ਮਜੀਠੀਆ ਨੇ ਕਿਹਾ ਕਿ ਮਾਰਚ ਵਿੱਚ ਸੰਗਤ ਸ਼੍ਰੀ ਹਜ਼ੂਰ ਸਾਹਿਬ ਗਈ ਸੀ ਤੇ ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਤਾਲਾਬੰਦੀ ਹੋ ਗਈ ਤੇ ਰੇਲ ਗੱਡੀਆਂ ਵੀ ਬੰਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਮੱਥਾ ਟੇਕਣ ਗਏ ਸ਼ਰਧਾਲੂ ਘਰ ਵਾਪਿਸ ਨਹੀਂ ਪਰਤ ਸਕੇ। ਮਜੀਠੀਆ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਫਸੇ ਹੋਏ ਹਨ ਜੋ ਵਾਰ- ਵਾਰ ਘਰ ਪਹੁੰਚਣ ਦੀ ਅਪੀਲ ਕਰ ਰਹੇ ਨੇ, ਪਰ 2 ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਮਜੀਠੀਆ ਨੇ ਦਿੱਲੀ ਦੇ ਨਿਜ਼ਾਮੁਦੀਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਰੱਬ ਨਾ ਕਰੇ ਜੇਕਰ ਇਹ ਵਾਇਰਸ ਸ਼੍ਰੀ ਹਜ਼ੂਰ ਸਾਹਿਬ ਫ਼ਸੇ ਹਜ਼ਾਰਾਂ ਸ਼ਰਧਾਲੂਆਂ ਵਿੱਚ ਫੈਲ ਗਿਆ ਤਾਂ ਸਿੱਖ ਸੰਗਤ ਨੂੰ ਇਸ ਲਈ ਜਿੰਮੇਵਾਰ ਠਹਿਰਾਇਆ ਜਾਵੇਗਾ। ਇਸ ਲਈ ਮਜੀਠੀਆ ਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਸ਼ਰਧਾਲੂਆਂ ਨੂੰ ਹਵਾਈ ਜਹਾਜ਼ ਰਾਹੀਂ ਆਪਣੇ ਆਪਣੇ ਸੂਬੇ ਵਿੱਚ ਪਹੁੰਚਾ ਕੇ ਕੁੱਝ ਦਿਨਾਂ ਲਈ ਐਇਸੋਲੇਟ ਕੀਤਾ ਜਾਵੇ।