Punjab
ਖੰਨਾ ਨੈਸ਼ਨਲ ਹਾਈਵੇ ‘ਤੇ ਪਲਟਿਆ ਆਰਮੀ ਦੀ ਸ਼ਰਾਬ ਵਾਲਾ ਟਰੱਕ,ਪੜੋ ਪੂਰੀ ਖ਼ਬਰ

ਖੰਨਾ 30JUNE 2023 : ਪਿਛਲੇ ਸਾਲ ਦਸੰਬਰ ਮਹੀਨੇ ’ਚ ਸਰਹਿੰਦ-ਰਾਜਪੁਰਾ ਮੁੱਖ ਮਾਰਗ ’ਤੇ ਸੇਬਾਂ ਨਾਲ ਭਰਿਆ ਟਰੱਕ ਪਲਟ ਗਿਆ ਸੀ ਹੁਣ ਇਸੇ ਹੀ ਤਰ੍ਹਾਂ ਦਾ ਮਾਮਲਾ ਖੰਨਾ ਨੈਸ਼ਨਲ ਹਾਈਵੇਅ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਦਹੇੜੂ ਨੇੜੇ ਇੱਕ ਸ਼ਰਾਬ ਦਾ ਟਰੱਕ ਪਲਟ ਗਿਆ। ਦੱਸਿਆ ਜਾ ਰਿਹਾ ਹੈ ਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਟਰੱਕ ਦੇ ਡਰਾਈਵਰ ਰਣਜੋਧ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਜਲੰਧਰ ਵੱਲ ਆਰਮੀ ਦੀ ਸ਼ਰਾਬ ਲੈ ਕੇ ਜਾ ਰਿਹਾ ਸੀ। ਡਰਾਈਵਰ ਨੇ ਦੱਸਿਆ ਕਿ ਉਹ ਆਪਣੇ ਟਰੱਕ ਵਿੱਚ ਪਟਿਆਲਾ ਡਿਸਟਿਲਰੀਜ਼ ਐਂਡ ਮੈਨੂਫੈਕਚਰਰ ਤੋਂ ਆਰਮੀ ਮਾਰਕਾ ਪ੍ਰੈਸਟੀਜ ਵਿਸਕੀ ਦੇ 600 ਕੇਸ ਹਿਮਾਚਲ ਪ੍ਰਦੇਸ਼ ਵਿੱਚ ਵਿਕਰੀ ਲਈ ਜਲੰਧਰ ਛਾਉਣੀ ਵਿੱਚ ਲਿਜਾ ਰਿਹਾ ਸੀ। ਜਦੋਂ ਉਹ ਜੀ.ਟੀ ਰੋਡ ਦਹੇੜੂ ਨੇੜੇ ਪਹੁੰਚਿਆ ਤਾਂ ਇਕ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਟਰੱਕ ਫੁੱਟਪਾਥ ‘ਤੇ ਪਲਟ ਗਿਆ।
ਸੂਚਨਾ ਮਿਲਦੇ ਹੀ ਸ਼ਰਾਬ ਫੈਕਟਰੀ ਦੇ ਅਧਿਕਾਰੀ, ਪੁਲਸ ਪ੍ਰਸ਼ਾਸਨ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਐਕਸਾਈਜ਼ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਹਟਾਉਂਦੇ ਸਮੇਂ ਦੂਜੇ ਟਰੱਕ ਨੂੰ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ 600 ਪੇਟੀਆਂ ਵਿੱਚੋਂ 38 ਪੇਟੀਆਂ ਦੀ ਭੰਨ-ਤੋੜ ਕੀਤੀ ਗਈ ਅਤੇ 562 ਪੇਟੀਆਂ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਅਤੇ ਇਸ ਸਬੰਧੀ ਪੁਲੀਸ ਪਾਸ ਡੀ.ਡੀ.ਆਰ. ਦਰਜ ਕੀਤਾ ਗਿਆ ਹੈ।