Connect with us

Punjab

PSPCL ਤੇ PSTCLਵੱਲੋਂ ਅਪ੍ਰੈਲ 2022 ਤੋਂ ਹੁਣ ਤੱਕ 3972 ਨੌਕਰੀਆਂ ਦਿੱਤੀਆਂ ਗਈਆਂ: ਹਰਭਜਨ ਸਿੰਘ ਈ.ਟੀ.ਓ.

Published

on

ਸਤੰਬਰ ਤੱਕ ਐਸ.ਡੀ.ਓਜ਼ ਦੀਆਂ 139 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ

ਚੰਡੀਗੜ੍ਹ, 21ਜੁਲਾਈ2023

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਇਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਦੇਣ ਦੇ ਮਿਸ਼ਨ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ) ਵੱਲੋਂ ਅਪ੍ਰੈਲ 2022 ਤੋਂ ਹੁਣ ਤੱਕ ਨੌਜਵਾਨਾਂ ਨੂੰ 3972 ਨੌਕਰੀਆਂ ਪ੍ਰਦਾਨ ਕੀਤੀਆਂ ਹਨ।

ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਨੇ ਸੂਬੇ ਦੇ 3224 ਯੋਗ ਅਤੇ ਹੁਨਰਮੰਦ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਕੇ ਇਸ ਭਰਤੀ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਨੇ ਆਪਣੇ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅਪ੍ਰੈਲ 2022 ਤੋਂ ਜੂਨ 2023 ਤੱਕ ਸਿੱਧੀ ਭਰਤੀ ਤਹਿਤ 2630 ਨੌਕਰੀਆਂ ਅਤੇ ਤਰਸ ਦੇ ਆਧਾਰ ‘ਤੇ 463 ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 06 ਜੁਲਾਈ, 2023 ਨੂੰ ਇੱਕ ਸਮਾਗਮ ਦੌਰਾਨ ਪੀ.ਐਸ.ਪੀ.ਸੀ.ਐਲ ਦੇ 131 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।

ਹੋਰ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਇਸੇ ਦੌਰਾਨ ਪੀ.ਐਸ.ਟੀ.ਸੀ.ਐਲ ਨੇ ਅਪ੍ਰੈਲ 2022 ਤੋਂ ਜੂਨ 2023 ਤੱਕ ਸਿੱਧੀ ਭਰਤੀ ਤਹਿਤ 748 ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਐਸ.ਡੀ.ਓਜ਼ ਦੀਆਂ 139 ਅਸਾਮੀਆਂ ਦਾ ਇਸ਼ਤਿਹਾਰ ਵੀ ਦਿੱਤਾ ਗਿਆ ਹੈ ਜਿਸ ਦੀ ਭਰਤੀ ਪ੍ਰਕਿਰਿਆ ਇਸ ਸਾਲ ਸਤੰਬਰ ਤੱਕ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ) ਵਿੱਚ ਐਸ.ਡੀ.ਓਜ਼ ਦੀਆਂ ਖਾਲੀ ਅਸਾਮੀਆਂ ਵੀ ਇਸ ਭਰਤੀ ਰਾਹੀਂ ਭਰੀਆਂ ਜਾਣਗੀਆਂ।

ਬਿਜਲੀ ਮੰਤਰੀ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ, ਜੋ ਕਿ ਵੱਖ-ਵੱਖ ਸ਼੍ਰੇਣੀਆਂ ਦੇ ਇੱਕ ਕਰੋੜ ਤੋਂ ਵੱਧ ਖਪਤਕਾਰਾਂ ਦੇ ਘਰਾਂ ਨੂੰ ਬਿਜਲੀ ਪਹੁੰਚਾਉਣ ਲਈ ਜਿੰਮੇਵਾਰ ਹੈ, ਅਤੇ ਪੀ.ਐਸ.ਟੀ.ਸੀ.ਐਲ. ਜੋ ਪਾਵਰ ਟਰਾਂਸਮਿਸ਼ਨ ਘਾਟੇ ਨੂੰ ਕਾਬੂ ਕਰਨ ਅਤੇ ਘਟਾਉਣ ਦੇ ਨਾਲ-ਨਾਲ ਵਿਸ਼ਵ ਪੱਧਰੀ ਟਰਾਂਸਮਿਸ਼ਨ ਪ੍ਰਣਾਲੀ ਸਥਾਪਤ ਕਰਨ ਲਈ ਜ਼ਿੰਮੇਵਾਰ ਏਜੰਸੀ ਹੈ, ਰਾਜ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਅੱਗ ਕਿਹਾ ਕਿ ਇਹ ਵੀ ਸੂਬੇ ਦੇ ਬਿਜਲੀ ਵਿਭਾਗ ਵੱਲੋਂ ਸਮੇਂ ਸਿਰ ਚੁੱਕੇ ਕਦਮਾਂ ਸਦਕਾ ਹੀ ਸੰਭਵ ਹੋ ਸਕਿਆ ਹੈ ਕਿ ਇਸ ਸਾਲ 15325 ਮੈਗਾਵਾਟ ਬਿਜਲੀ ਦੀ ਰਿਕਾਰਡ ਸਭ ਤੋਂ ਵੱਧ ਮੰਗ ਵੀ ਪੂਰੀ ਕੀਤੀ ਗਈ।