Punjab
ਰੈਜ਼ੀਡੈਂਟ ਵੈਲਫੈਅਰ ਐਸੋਸੀਏਸ਼ਨਜ਼ ਵੱਲੋਂ CM ਮਾਨ ਦੇ ਨਾਂ ‘ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
11AUGUST 2023 (ਚਿਨਾਰ ਬਾਗ,ਪਟਿਆਲ਼ਾ): ਪਿਛਲੇ ਮਹੀਨੇ ਆਏ ਹੜ੍ਹਾਂ ਤੋਂ ਹੋਏ ਨੁਕਸਾਨ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲ਼ੇ ਉਪਰਾਲਿਆਂ ਨੂੰ ਮੁੱਖ ਰੱਖਦਿਆਂ ਰੈਜ਼ੀਡੈਂਟ ਵੈਲਫੈਅਰ ਐਸੋਸੀਏਸ਼ਨਜ਼ ਅਰਬਨ ਅਸਟੇਟ ਅਤੇ (ਚਿਨਾਰ ਬਾਗ)ਪਟਿਆਲ਼ਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਇਕ ਮੰਗ ਪੱਤਰ ਅੱਜ ਪਟਿਆਲ਼ਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਸੌਂਪਿਆ ।
ਮੰਗ ਪੱਤਰ ‘ਚ ਦੋਸ਼ ਲਾਇਆ ਗਿਆ ਹੈ ਕਿ ਮੌਜੂਦਾ ਹੜ੍ਹਾਂ ‘ਚ ਜੋ ਇਨ੍ਹਾਂ ਇਲਾਕਿਆਂ ‘ਚ ਲੋਕਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਕਾਰਨ ਇਹ ਹੈ ਕਿ ਸਰਕਾਰ ਦੇ ਸਬੰਧਿਤ ਮਹਿਕਮਿਆਂ ਤੇ ਪੀਡੀਏ (ਪਟਿਆਲ਼ਾ ਡਿਵੈਲਪਮੈਂਟ ਅਥਾਰਟੀ) ਨੇ 1988 ਤੇ 1993 ਦੇ ਹੜ੍ਹਾਂ ਤੋਂ ਨਾ ਕੋਈ ਸਬਕ ਸਿੱਖਿਆ ਤੇ ਨਾ ਹੀ ਕੋਈ ਭਵਿਖ ਲਈ ਯੋਜਨਾ ਤਿਆਰ ਕੀਤੀ ਗਈ ਹੈ।
ਅਤੀਤ ‘ਚ ਹੜ੍ਹਾਂ ਦੇ ਨੁਕਸਾਨ ਮਗਰੋਂ ਜਿਥੇ ਸਰਕਾਰ ਨੇ ਪਟਿਆਲ਼ਾ ਨਦੀ ਦੇ ਹੜ੍ਹਾਂ ਵਾਲ਼ੇ ਇਲਾਕੇ ‘ਚ ਅਰਬਨ ਅਸਟੇਟ ਉਸਾਰ ਦਿੱਤਾ ਉਥੇ ਨਾਲ਼ ਦੀ ਨਾਲ਼ ਸਰਕਾਰ ਨੇ ਨਾਜਾਇਜ਼ ਕਾਲੋਨੀਆਂ ਦੀਆਂ ਉਸਾਰੀਆਂ ਨੂੰ ਵੀ ਨਹੀਂ ਰੋਕਿਆ । ਹਾਲ ਹੀ ਵਿੱਚ ਇਸ ਇਲਾਕੇ ‘ਚੋਂ ਰਾਸ਼ਟਰੀ ਸੜਕ ਦਾ ਬਾਈਪਾਸ ਦਾ ਬਣਨਾ ,ਇਕ ਨਿੱਜੀ ਹਸਪਤਾਲ ਦੀ ਉਸਾਰੀ ਅਤੇ ਪਟਿਆਲ਼ਾ ਸ਼ਹਿਰ ਦਾ ਨਵਾਂ ਬੱਸ ਅੱਡਾ ਮੌਜੂਦਾ ਹੜ੍ਹਾਂ ਲਈ ਵੀ ਜ਼ਿੰਮੇਵਾਰ ਬਣੇ ਹਨ । ਇਹ ਸੱਭ ਕੁਝ ਸਿਸਟਮ ਦੇ ਫੇਲ਼ ਹੋਣ ਦੀ ਹਾਮੀ ਭਰਦਾ ਹੈ । ਜਦੋਂ ਵੀ ਪੀੜਤ ਲੋਕਾਂ ਵੱਲੋਂ ਸਬੰਧਿਤ ਮਹਿਕਮਿਆਂ ਤੱਕ ਪਹੁੰਚ ਕੀਤੀ ਗਈ ਤਾਂ ਹਰ ਇਕ ਮਹਿਕਮੇ ਨੇ ਆਪਣੇ ਤੋਂ ਜ਼ਿੰਮੇਵਾਰੀ ਲਾਹਕੇ ਦੂਜੇ ਮਹਿਕਮੇ ‘ਤੇ ਸੁੱਟ ਦਿਤੀ ।
ਇਸ ਮੰਗ ਪੱਤਰ ‘ਚ ਕੁਝ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਨੂੰ ਲਾਗੂ ਕਰਨ ਨਾਲ਼ ਭਵਿੱਖ ‘ਚ ਇਸ ਇਲਾਕੇ ਨੂੰ ਹੜ੍ਹਾਂ ਤੋਂ ਵੱਡੀ ਪੱਧਰ ‘ਤੇ ਸੁਰੱਖਿਅਤ ਕੀਤਾ ਜਾ ਸਕਦਾ ਹੈ,ਇਨ੍ਹਾਂ ਸੁਝਾਵਾਂ ‘ਚ ਹੜ੍ਹ ਪ੍ਰਭਾਵਿਤ ਇਨ੍ਹਾਂ ਇਲਾਕਿਆਂ ਦਾ ਦਰ-ਬਾ-ਦਰ ਸਰਵੇਖਣ ਕਰਵਾਇਆ ਜਾਵੇ ,ਭਵਿਖ ਵਿੱਚ ਸਬੰਧਿਤ ਮਹਿਕਮਿਆਂ ਨੂੰ ਹੋਰ ਚੁਕੰਨਾ ਕੀਤਾ ਜਾਵੇ ਤਾਂ ਕੇ ਇਨ੍ਹਾਂ ਖੇਤਰਾਂ ਨੂੰ ਹੜ੍ਹਾਂ ਤੋਂ ਸੁਰੱਖਿਅਤ ਕੀਤਾ ਜਾ ਸਕੇ, ਸਰਕਾਰੀ ਜ਼ਮੀਨਾਂ ਉਪਰ ਗ਼ੈਰ ਕਾਨੂੰਨੀ ਕਬਜ਼ੇ ਖਤਮ ਕੀਤੇ ਜਾਣ ਤੇ ਭਵਿਖ ‘ਚ ਗ਼ੈਰ ਕਾਨੂੰਨੀ ਉਸਾਰੀਆਂ ਨੂੰ ਰੈਗੁਲਰਾਇਜ਼ ਨਾ ਕੀਤਾ ਜਾਵੇ, ਪਟਿਆਲ਼ਾ ਨਦੀ,ਜੰਤੀ ਦੇਵੀ ਕੀ ਰੌਅ ਤੇ ਹੋਰ ਮੌਸਮੀ ਨਾਲ਼ਿਆਂ ਦੀ ਨਿਸ਼ਾਨਦੇਹੀ ਕਰਕੇ ਇਨ੍ਹਾਂ ਦੇ ਹੜ੍ਹਾਂ ਵਾਲ਼ੇ ਖੇਤਰਾਂ ‘ਚ ਪ੍ਰਭਾਵੀ ਕਦਮ ਚੁੱਕੇ ਜਾਣ, ਬਰਸਾਤਾਂ ਤੋਂ ਪਹਿਲਾਂ ਨਦੀਆਂ ਨਾਲ਼ਿਆਂ, ਸੜਕਾਂ,ਪੁਲ਼ੀਆਂ ਆਦਿ ਦੀ ਸਫਾਈ ਨਿਸ਼ਚਿਤ ਸਮੇਂ ਤੱਕ ਕਰਨ ਲਈ ਕਦਮ ਚੁੱਕੇ ਜਾਣ, ਸੀਵਰੇਜ ਅਤੇ ਮੀਂਹ ਦੇ ਪਾਣੀ ਦੀਆਂ ਪਾਇਪਾਂ ਦੇ ਸਿਸਟਮ , ਜੋ ਤਕਰੀਬਨ 50 ਸਾਲ ਪੁਰਾਣਾ ਹੋ ਗਿਆ ਹੈ ਨੂੰ ਇਨ੍ਹਾਂ ਇਲਾਕਿਆਂ ‘ਚ ਬਦਲਕੇ ਹੋਰ ਮਜਬੂਤ ਕੀਤਾ ਜਾਵੇ ਅਤੇ ਇਨ੍ਹਾਂ ਦੀ ਸਮਰੱਥਾ ਵਧਾਉਣ ਲਈ ਪਹਿਲ ਦੇ ਆਧਾਰ ਤੇ ਸਕੀਮਾ ਬਣਨ ਤੇ ਨਾਲ਼ ਦੀ ਨਾਲ਼ ਇਨ੍ਹਾਂ ਖੇਤਰਾਂ ਦਾ ਪਾਣੀ ਜੋ ਵੱਡੀ ਨਦੀ ‘ਚ ਪੈਂਦਾ ਹੈ ਉਸ ਨੂੰ ਨਦੀ ਦਾ ਪੱਧਰ ਵੱਧਣ ਕਰਕੇ ਬੈਕ ਮਾਰਨ ਤੋਂ ਰੋਕਣ ਲਈ ਵਾਲਵ ਲਾਉਣੇ ਅਤੇ ਨਦੀ ਦੇ ਪਾਣੀ ਨੂੰ ਇਸਕੇਪ ਚੈਨਲ ਬਣਾਕੇ ਪਟਿਆਲ਼ੇ ਦੇ ਉਤੱਰੀ-ਪੂਰਬੀ ਇਲਾਕੇ ਪੰਜਾਬੀ ਯੂਨੀਵਰਸਿਟੀ ਤੇ ਬਹਾਦੁਰਗੜ੍ਹ ਦੇ ਉਪਰੋਂ ਦੇ ਲਿਜਾਕੇ ਘੱਗਰ ‘ਚ ਪਾਉਣਾ ਚਾਹੀਦਾ ਹੈ|
ਪਟਿਆਲਾ-ਰਾਜਪੁਰਾ ਸੜਕ ‘ਤੇ ਦੱਖਣੀ ਬਾਈਪਾਸ ਨੇੜੇ ਬਣੇ ਨਿੱਜੀ ਹਸਪਤਾਲ਼ ਅਤੇ ਬੱਸ ਸਟੈਂਡ ਨੇ ਵੀ ਬਰਸਾਤੀ ਪਾਣੀਆਂ ਨੂੰ ਵੱਡੀ ਰੋਕ ਲਾਈ ਹੈ । ਇਸ ਮੰਗ ਪੱਤਰ ‘ਚ ਕਿਹਾ ਗਿਆ ਹੈ ਕਿ ਇਸਦੇ ਨਾਲ਼ ਹੀ ਅਰਬਨ ਅਸਟੇਟ ਦੋ ਵਿੱਚ ਬਣ ਰਹੇ ਮਲਟੀਸਟੋਰੀ ਫਲ਼ੈਟਸ ਨੂੰ ਵੀ ਮੁੜ ਵਿਚਾਰਕੇ ਇਸ ਥਾਂ ਨੂੰ ਇਸ ਦੀ ਮੁੱਢਲੀ ਪਲੈਨ ਦੇ ਅਨੁਸਾਰ ਵਪਾਰਕ ਥਾਂ ‘ਚ ਬਦਲਿਆ ਜਾਵੇ । ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਫਲੈਟਾਂ ਦੇ ਬਣਨ ਨਾਲ਼ ਅਰਬਨ ਅਸਟੇਟ ਦੇ ਸੀਵਰੇਜ ਅਤੇ ਮੀਂਹ ਵਾਲ਼ੇ ਪਾਣੀ ਦੇ ਸਿਸਟਮ ‘ਤੇ ਹੋਰ ਦਬਾਅ ਵਧ ਜਾਵੇਗਾ ।
ਇਹ ਵੀ ਸੁਝਾ ਦਿੱਤਾ ਗਿਆ ਹੈ ਕਿ ਪਟਿਆਲ਼ਾ-ਸਰਹਿੰਦ ਬਾਈਪਾਸ ਉਪਰ ਬਰਸਾਤੀ ਪਾਣੀ ਦੇ ਨਿਕਾਸ ਲਈ ਵੀ ਪੁਲ਼ੀਆਂ ਠੀਕ ਕੀਤੀਆਂ ਜਾਣ ਤਾਂ ਜੋ ਇਹ ਕੋਈ ਰੁਕਾਵਟ ਨਾ ਬਣਨ । ਭਵਿਖ ‘ਚ ਪੱਛਮੀ ਬਾਈਪਾਸ ਬਣਾਉਣ ਸਮੇਂ ਲੋਕਾਂ ਦੀਆਂ ਮਜਬੂਰੀਆਂ ਨੂੰ ਸਮਝਦਿਆਂ ਇਸ ਨੂੰ ਥੰਮਾਂ ‘ਤੇ ਬਣਾਇਆ ਜਾਵੇ । ਬਾਈਪਾਸਾਂ ਕਾਰਨ ਰੁਕਣ ਵਾਲ਼ੇ ਪਾਣੀ ਦੇ ਮੁੱਦੇ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆਂ ਦੇ ਧਿਆਨ ‘ਚ ਲਿਆਂਦਾ ਜਾਵੇ ।
ਪੀਡੀਏ ਨੂੰ ਸੜਕਾਂ ਦੀ ਰੀਕਾਰਪੈਟਿੰਗ ਕਰਦੇ ਸਮੇਂ ਇਹ ਵੀ ਧਿਆਨ ‘ਚ ਰੱਖਣਾ ਚਾਹੀਦਾ ਹੈ ਕਿ ਦੋਵਾਂ ਫੇਜ਼ਾਂ ਤੇ ਖਾਸਕਰ ਫੇਜ਼ ਦੋ ਅਤੇ ਹਾਊਸਿੰਗ ਬੋਰਡ ਕਾਲੋਨੀ ਦੇ ਘਰਾਂ ਦਾ ਲੈਵਲ ਨੀਵਾਂ ਨਾ ਹੋਵੇ ।
ਇਸ ਗੱਲ ‘ਤੇ ਜ਼ੋਰ ਦਿਤਾ ਗਿਆ ਹੈ ਕਿ ਮੀਂਹਾਂ ਦੇ ਪਾਣੀਆਂ ਨੂੰ ਪਾਰਕਾਂ ‘ਚ ਰੀਚਾਰਜ ਕਰਨ ਲਈ ਪ੍ਰਬੰਧ ਕੀਤੇ ਜਾਣ ਤੇ ਪੀਡੀਏ ਨੂੰ ਚਾਹੀਦਾ ਹੈ ਕਿ ਉਹ ਇਸ ਇਲਾਕੇ ਲਈ ਹੰਗਾਮੀ ਹੜ੍ਹ ਬਚਾਊ ਯੋਜਨਾ ਬਣਾਵੇ । ਇਹ ਵੀ ਮਹਿਸੂਸ ਕੀਤਾ ਗਿਆ ਕਿ ਇਸ ਵਾਰ ਪੀਡੀਏ ਲੋਕਾਂ ਨੂੰ ਹੜ੍ਹਾਂ ਦੀ ਚਿਤਾਵਨੀ ਦੇਣ ‘ਚ ਬੁਰੀ ਤਰ੍ਹਾਂ ਫੇਲ ਹੋਇਆ ਹੈ ।
ਹੋਰ ਸੁਝਾਵਾਂ ਦੇ ਨਾਲ਼ ਇਹ ਵੀ ਕਿਹਾ ਗਿਆ ਹੈ ਕਿ ਪੀਡੀਏ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ਇਥੋਂ ਦੀਆਂ ਭਲਾਈ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਚੁੱਕੇ ਗਏ ਕਦਮਾਂ ਬਾਰੇ ਜਾਣੂ ਕਰਾਉਂਦਾ ਰਹੇ ਅਤੇ ਹਰ ਦੋ ਮਹੀਨਿਆਂ ਮਗਰੋਂ ਇਨ੍ਹਾਂ ਪ੍ਰਤੀਨਿਧਾਂ ਨਾਲ਼ ਮੀਟਿੰਗਾਂ ਦਾ ਵੀ ਪ੍ਰਬੰਧ ਕਰੇ ।
ਇਸ ਮੰਗ ਪੱਤਰ ਦੀ ਇਕ ਕਾਪੀ ਪਟਿਆਲਾ ਦੇ ਏਡੀਸੀ ( ਸ਼ਹਿਰੀ ਵਿਕਾਸ) ਤੇ ਪੀਡੀਏ ਦੇ ਏਸੀਏ ਗੁਰਪ੍ਰੀਤ ਸਿੰਘ ਥਿੰਦ ਨੂੰ ਵੀ ਦਿਤੀ ਗਈ ਅਤੇ ਉਪਰੋਕਤ ਨੁਕਤਿਆਂ ‘ਤੇ ਭਰਵੀ ਚਰਚਾ ਵੀ ਹੋਈ । ਇਸ ਮੰਗ ਪੱਤਰ ਦੀਆਂ ਕਾਪੀਆਂ ਡਾ: ਬਲਬੀਰ ਸਿੰਘ ,ਸਿਹਤ ਮੰਤਰੀ ਤੇ ਕਰਿਸ਼ਨ ਕੁਮਾਰ , ਸਕੱਤਰ , ਸਿੰਜਾਈ, ਪੰਜਾਬ ਨੂੰ ਵੀ ਰਜਿਸਟਰਡ ਡਾਕ ਰਾਹੀਂ ਭੇਜ ਦਿੱਤੀ ਗਈ ਹੈ ।
ਇਹ ਮੰਗ ਪੱਤਰ ਦੇਣ ਲਈ, ਜਿਸ ਉਪਰ 10 ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਦੇ ਹਸਤਾਖ਼ਰ ਹੋਏ ਸਨ , ਐੱਮ ਐੱਸ ਨਾਰੰਗ (ਸੇਵਾ ਮੁਕਤ ਆਈਏਐੱਸ) ਪਰਮਜੀਤ ਸਿੰਘ ਵਿਰਕ, ਸਾਬਕਾ ਏਅਈਜੀ , ਮਹਿੰਦਰ ਸਿੰਘ, ਸਾਬਕਾ ਡਿਪਟੀ ਡਾਇਰੈਕਟਰ ਪੰਚਾਇਤਾਂ ਤੇ ਪੇਂਡੂ ਵਿਕਾਸ , ਉਜਾਗਰ ਸਿੰਘ ਸਾਬਕਾ ਲੋਕ ਸੰਪਰਕ ਅਫਸਰ, ਨਰਿੰਦਰ ਸਿੰਘ, ਆਰ ਕੇ ਖੁੱਲਰ, ਜਸਪ੍ਰੀਤ ਸਿੰਘ ਨਾਰੰਗ,ਨਰਿੰਦਰ ਕੁਮਾਰ ਪੁਰੀ,ਸੰਦੀਪ ਖੁਰਾਣਾ, ਮਹਿੰਦਰਪਾਲ਼ ਵਾਸਣ ਤੇ ਹਰਕੇਸ਼ ਕੁਮਾਰ ਡਿਪਟੀ ਕਮਿਸ਼ਨਰ ਦੇ ਦਫਤਰ ਗਏ ਸਨ ।