Corona Virus
ਸੀਆਰਪੀਐਫ ਅਧਿਕਾਰੀਆਂ ਨੇ ਵਧਾਇਆ ਪੁਲਿਸ ਜਵਾਨਾਂ ਦਾ ਹੌਸਲਾ
ਕਪੂਰਥਲਾ, 18 ਅਪ੍ਰੈਲ :
ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਦੌਰਾਨ ਜੀਅ-ਜਾਨ ਨਾਲ ਆਪਣੀ ਡਿਊਟੀ ਨਿਭਾਅ ਰਹੇ ਪੁਲਿਸ ਜਵਾਨਾਂ ਦਾ ਹੌਸਲਾ ਵਧਾਉਣ ਲਈ ਸੀ. ਆਰ. ਪੀ. ਐਫ ਦੇ ਆਹਲਾ ਅਧਿਕਾਰੀ ਵੀ ਅੱਗੇ ਆਏ ਹਨ। ਸੀ. ਆਰ. ਪੀ. ਐਫ 245 ਬਟਾਲੀਅਨ ਦੇ ਕਮਾਂਡੈਂਟ ਦਇਆਨਿਧੀ ਤਾਂਤੀ ਦੀ ਅਗਵਾਈ ਹੇਠ ਅਧਿਕਾਰੀਆਂ ਵੱਲੋਂ ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਪੁਲਿਸ ਨਾਕਿਆਂ ’ਤੇ ਤਾਇਨਾਤ ਪੁਲਿਸ ਜਵਾਨਾਂ ਨੂੰ ਗੁਲਾਬ ਦੇ ਫੁੱਲ, ਟਾਫੀਆਂ, ਸੈਨੀਟਾਈਜ਼ਰ, ਐਨ-95 ਮਾਸਕ ਆਦਿ ਦਿੱਤੇ ਗਏ। ਕਮਾਂਡੈਂਟ ਦਇਆਨਿਧੀ ਤਾਂਤੀ ਵੱਲੋਂ ਇਸ ਮੌਕੇ ਪੁਲਿਸ ਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਵਿਚ ਉਨ੍ਹਾਂ ਵੱਲੋਂ ਦਿਨ-ਰਾਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਕਰਤਾਰਪੁਰ ਦੇ ਪੁਲਿਸ ਨਾਕਿਆਂ ’ਤੇ ਵੀ ਪੁਲਿਸ ਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਜ਼ਿਕਰਯੋਗ ਹੈ ਕਿ ਸੀ. ਆਰ. ਪੀ. ਐਫ ਵੱਲੋਂ ਬੀਤੇ ਦਿਨੀਂ ਤਹਿਸੀਲਦਾਰ ਕਪੂਰਥਲਾ ਮਨਬੀਰ ਸਿੰਘ ਢਿੱਲੋਂ ਨੂੰ ਨਾਲ ਲੈ ਕੇ ਕਪੂਰਥਲਾ ਸ਼ਹਿਰ ਅਤੇ ਪਿੰਡਾਂ ਵਿਚ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੀ ਮੁਹੱਈਆ ਕਰਵਾਇਆ ਗਿਆ। ਸ੍ਰੀ ਤਾਂਤੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੀ. ਆਰ. ਪੀ. ਐਫ ਵੱਲੋਂ ਵੱਡੀ ਗਿਣਤੀ ਵਿਚ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾਣਗੀਆਂ। ਇਸ ਮੌਕੇ ਉਨਾਂ ਨਾਲ ਸੈਕਿੰਡ ਇਨ ਕਮਾਂਡ ਸ੍ਰੀ ਰਾਜੇਸ਼ ਕੁਮਾਰ ਸ਼ਰਮਾ, ਡਿਪਟੀ ਕਮਾਂਡੈਂਟ ਸ੍ਰੀ ਰਾਕੇਸ਼ ਕੁਮਾਰ, ਮੈਡੀਕਲ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਤੇ ਹੋਰ ਹਾਜ਼ਰ ਸਨ।