Connect with us

National

PM ਮੋਦੀ ਵਿਰੁਧ ਇਤਰਾਜ਼ਯੋਗ ਟਿਪਣੀਆਂ ਕਰਨ ਵਾਲੇ ਮਾਲਦੀਵ ਦੇ ਤਿੰਨ ਮੰਤਰੀ ਮੁਅੱਤਲ

Published

on

 8ਜਨਵਰੀ 2024 :  ਮਾਲਦੀਵ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਸੋਸ਼ਲ ਮੀਡੀਆ ’ਤੇ ਇਕ ਮੰਤਰੀ ਦੀ ਅਪਮਾਨਜਨਕ ਟਿਪਣੀ ਤੋਂ ਐਤਵਾਰ ਨੂੰ ਦੂਰੀ ਬਣਾ ਲਈ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ ਅਤੇ ਸਰਕਾਰ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੇ। ਇਸ ਤੋਂ ਬਾਅਦ ਮਾਲਦੀਵ ਸਰਕਾਰ ਨੇ ਕਥਿਤ ਤੌਰ ’ਤੇ ਉਨ੍ਹਾਂ ਤਿੰਨ ਮੰਤਰੀਆਂ ਨੂੰ ਮੁਅੱਤਲ ਕਰ ਦਿਤਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਵਿਰੁਧ ਅਪਮਾਨਜਨਕ ਟਿਪਣੀ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਅਪਮਾਨਜਨਕ ਟਿਪਣੀਆਂ ਕਰਨ ਵਾਲੇ ਮਾਲਦੀਵ ਦੇ ਤਿੰਨ ਮੰਤਰੀ – ਮਰੀਅਮ ਸ਼ੀਊਨਾ, ਮਾਲਸ਼ਾ ਅਤੇ ਹਸਨ ਜ਼ੀਹਾਨ – ਨੂੰ ਮੁਅੱਤਲ ਕਰ ਦਿਤਾ ਗਿਆ।

ਮਾਲਦੀਵ ਦੇ ਵਿਰੋਧੀ ਨੇਤਾਵਾਂ ਨੇ ਮੰਤਰੀਆਂ ਦੀ ਸਖ਼ਤ ਨਿੰਦਾ ਕੀਤੀ ਸੀ, ਜਿਸ ਤੋਂ ਬਾਅਦ ਮਾਲਦੀਵ ਸਰਕਾਰ ਨੇ ਇਕ ਬਿਆਨ ਜਾਰੀ ਕੀਤਾ ਸੀ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਹ ਵਿਦੇਸ਼ੀ ਨੇਤਾਵਾਂ ਅਤੇ ਉੱਚ ਅਧਿਕਾਰੀਆਂ ਵਿਰੁਧ ਸੋਸ਼ਲ ਮੀਡੀਆ ਮੰਚਾਂ ’ਤੇ ਕੀਤੀਆਂ ਗਈਆਂ ਅਪਮਾਨਜਨਕ ਟਿਪਣੀਆਂ ਤੋਂ ਜਾਣੂ ਹਨ। ਇਸ ’ਚ ਕਿਹਾ ਗਿਆ ਹੈ, ‘‘ਇਹ ਵਿਚਾਰ ਨਿੱਜੀ ਹਨ ਅਤੇ ਮਾਲਦੀਵ ਸਰਕਾਰ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੇ।’’

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਮਾਲਦੀਵ ਦੇ ਇਕ ਮੰਤਰੀ ਅਤੇ ਕੁੱਝ ਹੋਰ ਨੇਤਾਵਾਂ ਨੇ ਲਕਸ਼ਦੀਪ ਦੇ ਇਕ ਸਮੁੰਦਰੀ ਕੰਢੇ ’ਤੇ ਮੋਦੀ ਦਾ ਵੀਡੀਉ ਪੋਸਟ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਵਿਰੁਧ ਅਪਮਾਨਜਨਕ ਟਿਪਣੀਆਂ ਕੀਤੀਆਂ ਸਨ। ਮਾਲਦੀਵ ਸਰਕਾਰ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਵਰਤੋਂ ਲੋਕਤੰਤਰੀ ਅਤੇ ਜ਼ਿੰਮੇਵਾਰ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਅਤੇ ਨਫ਼ਰਤ ਅਤੇ ਨਕਾਰਾਤਮਕਤਾ ਨਹੀਂ ਫੈਲਾਉਣੀ ਚਾਹੀਦੀ ਅਤੇ ਮਾਲਦੀਵ ਅਤੇ ਇਸ ਦੇ ਕੌਮਾਂਤਰੀ ਭਾਈਵਾਲਾਂ ਵਿਚਾਲੇ ਨੇੜਲੇ ਸਬੰਧਾਂ ਵਿਚ ਰੁਕਾਵਟ ਨਹੀਂ ਪਾਉਣੀ ਚਾਹੀਦੀ।

ਇਸ ਨੇ ਚੇਤਾਵਨੀ ਦਿਤੀ ਕਿ ਸਰਕਾਰ ਦੇ ਸਬੰਧਤ ਅਧਿਕਾਰੀ ਅਜਿਹੀਆਂ ਅਪਮਾਨਜਨਕ ਟਿਪਣੀਆਂ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਤੋਂ ਨਹੀਂ ਝਿਜਕਣਗੇ। ਇਸ ਦੌਰਾਨ ਐਤਵਾਰ ਨੂੰ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਇਨ੍ਹਾਂ ਟਿਪਣੀਆਂ ਨੂੰ ‘ਭਿਆਨਕ’ ਕਰਾਰ ਦਿਤਾ ਅਤੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਸਰਕਾਰ ਨੂੰ ਇਨ੍ਹਾਂ ਤੋਂ ਦੂਰੀ ਬਣਾਉਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਕਿਹਾ, ‘‘ਮੈਂ ਮਾਲਦੀਵ ਸਰਕਾਰ ਦੇ ਅਧਿਕਾਰੀ ਸ਼ਿਉਨਾ ਵਲੋਂ ਦੁਨੀਆਂ ਦੇ ਇਕ ਪ੍ਰਮੁੱਖ ਨੇਤਾ ਪ੍ਰਤੀ ਅਪਮਾਨਜਨਕ ਭਾਸ਼ਾ ਦੀ ਨਿੰਦਾ ਕਰਦਾ ਹਾਂ। ਮੁਇਜ਼ੂ ਨੂੰ ਇਨ੍ਹਾਂ ਟਿਪਣੀਆਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ ਅਤੇ ਭਾਰਤ ਨੂੰ ਸਪੱਸ਼ਟ ਭਰੋਸਾ ਦੇਣਾ ਚਾਹੀਦਾ ਹੈ ਕਿ ਇਹ ਟਿਪਣੀਆਂ ਸਰਕਾਰ ਦੀ ਨੀਤੀ ਨੂੰ ਨਹੀਂ ਦਰਸਾਉਂਦੀਆਂ।’’ ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਬ ਨੇ ਮਾਲਦੀਵ ਦੇ ਸਿਆਸਤਦਾਨਾਂ ਦੇ ਇਕ ਸਮੂਹ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁਧ ਕੀਤੀ ਗਈ ਅਪਮਾਨਜਨਕ ਟਿਪਣੀ ਦੀ ਸਖ਼ਤ ਨਿੰਦਾ ਕੀਤੀ ਹੈ।