Corona Virus
ਅਮਰੀਕਾ ‘ਚ ਪ੍ਰਵਾਸ ਉਤੇ ਲੱਗੀ ਰੋਕ ਰਾਸ਼ਟਰਪਤੀ ਟਰੰਪ ਵਲੋਂ ਆਦੇਸ਼ ਜਾਰੀ

ਅਮਰੀਕਾ , 21 ਅਪ੍ਰੈਲ : ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਨੇ ਇਮੀਗ੍ਰੇਸ਼ਨ ਰੋਕਣ ਦਾ ਫੈਸਲਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਸਵੇਰੇ ਇਹ ਵੱਡਾ ਐਲਾਨ ਕੀਤਾ। ਹੁਣ ਅਗਲੇ ਆਦੇਸ਼ ਤੱਕ ਅਮਰੀਕਾ ਵਿਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਵਸਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਟਰੰਪ ਨੇ ਇਸ ਵੱਡੇ ਫੈਸਲੇ ਦਾ ਐਲਾਨ ਆਪਣੇ ਟਵਿੱਟਰ ਅਕਾਊਂਟ ਤੋਂ ਕੀਤਾ। ਕੋਰੋਨਾ ਵਾਇਰਸ ਕਾਰਨ ਖੜ੍ਹੇ ਹੋਏ ਅਰਥ ਵਿਵਸਥਾ ‘ਤੇ ਸੰਕਟ ਨੂੰ ਦੇਖਦੇ ਹੋਏ ਟਰੰਪ ਨੇ ਇਹ ਫੈਸਲਾ ਲਿਆ।
ਟਰੰਪ ਨੇ ਮੰਗਲਵਾਰ ਸਵੇਰੇ ਟਵੀਟ ਕਰਦਿਆਂ ਐਲਾਨ ਕੀਤਾ,”ਅਦ੍ਰਿਸ਼ ਦੁਸ਼ਮਣ ਦੇ ਹਮਲੇ ਕਾਰਨ ਜਿਹੜੀ ਸਥਿਤੀ ਪੈਦਾ ਹੋਈ ਹੈ ਉਸ ਵਿਚ ਅਸੀਂ ਆਪਣੇ ਮਹਾਨ ਅਮਰੀਕੀ ਨਾਗਰਿਕਾਂ ਦੀ ਨੌਕਰੀ ਬਚਾ ਕੇ ਰੱਖਣੀ ਹੈ।ਇਸ ਨੂੰ ਦੇਖਦੇ ਹੋਏ ਮੈਂ ਇਕ ਆਰਡਰ ‘ਤੇ ਦਸਤਖਤ ਕਰ ਰਿਹਾ ਹਾਂ ਜੋ ਅਮਰੀਕਾ ਵਿਚ ਬਾਹਰੀ ਲੋਕਾਂ ਦੇ ਵਸਣ ‘ਤੇ ਰੋਕ ਲਗਾ ਦੇਵੇਗਾ।” ਟਰੰਪ ਦੇ ਇਸ ਆਦੇਸ਼ ਨਾਲ ਸਪਸ਼ਟ ਕੀਤਾ ਹੈ ਕਿ ਹੁਣ ਅਗਲੇ ਆਦੇਸ਼ ਤੱਕ ਕੋਈ ਵੀ ਵਿਦੇਸ਼ੀ ਨਾਗਰਿਕ ਅਮਰੀਕ ਦਾ ਨਾਗਰਿਕ ਨਹੀਂ ਬਣ ਪਾਵੇਗਾ ਅਤੇ ਨਾ ਹੀ ਇਸ ਲਈ ਐਪਲੀਕੇਸ਼ਨ ਦੇ ਸਕੇਗਾ।