National
ਹਲਦਵਾਨੀ ਹਿੰਸਾ ‘ਚ ਹੁਣ ਤੱਕ 6 ਲੋਕਾਂ ਦੀ ਮੌਤ, ਕਰਫਿਊ ਜਾਰੀ

ਉੱਤਰਾਖੰਡ ਦੇ ਹਲਦਵਾਨੀ ‘ਚ 8 ਫਰਵਰੀ ਨੂੰ ਨਗਰ ਨਿਗਮ ਨੇ ਇਕ ਗੈਰ-ਕਾਨੂੰਨੀ ਮਦਰੱਸੇ ਅਤੇ ਨਮਾਜ਼ ਲਈ ਬਣ ਰਹੀ ਇਮਾਰਤ ‘ਤੇ ਬੁਲਡੋਜ਼ਰ ਚਲਾ ਦਿੱਤਾ ਸੀ। ਇਸ ਤੋਂ ਬਾਅਦ ਹਜ਼ਾਰਾਂ ਲੋਕਾਂ ਦੀ ਭੀੜ ਨੇ ਪੁਲਿਸ ਅਤੇ ਨਿਗਮ ਦੀ ਟੀਮ ‘ਤੇ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਹਿੰਸਾ ਭੜਕ ਗਈ। ਜਿਸ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਿੰਸਾ ਨੂੰ 48 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ। ਪ੍ਰਸ਼ਾਸਨ ਨੇ ਇਲਾਕੇ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਹੈ। ਬਨਭੁਲਪੁਰਾ ਵਿੱਚ ਵੀ ਤਿੰਨ ਦਿਨਾਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਹਾਲਾਂਕਿ ਨੈਨੀਤਾਲ-ਬਰੇਲੀ ਮੋਟਰ ਮਾਰਗ ਨੂੰ ਕਰਫਿਊ ਤੋਂ ਮੁਕਤ ਰੱਖਿਆ ਗਿਆ ਹੈ। ਇੱਥੇ ਦੁਕਾਨਾਂ ਖੁੱਲ੍ਹਣਗੀਆਂ ਅਤੇ ਵਾਹਨਾਂ ਦੀ ਆਵਾਜਾਈ ਵੀ ਜਾਰੀ ਰਹੇਗੀ।
ਪ੍ਰਸ਼ਾਸਨ ਨੇ ਕਿਹਾ ਹੈ ਕਿ ਲੋਕਾਂ ਨੂੰ ਜ਼ਰੂਰੀ ਕੰਮ ਤੋਂ ਬਿਨਾਂ ਘਰੋਂ ਬਾਹਰ ਨਿਕਲਣ ਦੀ ਮਨਾਹੀ ਹੈ। ਫਿਰ ਵੀ ਜੇਕਰ ਤੁਹਾਨੂੰ ਬਾਹਰ ਜਾਣਾ ਪਵੇ ਤਾਂ ਤੁਹਾਨੂੰ ਸਿਟੀ ਮੈਜਿਸਟ੍ਰੇਟ ਤੋਂ ਇਜਾਜ਼ਤ ਲੈਣੀ ਪਵੇਗੀ। ਸ਼ਹਿਰ ਭਰ ਵਿੱਚ ਸਾਰੇ ਅਦਾਰੇ ਬੰਦ ਰਹਿਣਗੇ। ਮੈਡੀਕਲ ਅਤੇ ਹਸਪਤਾਲ ਖੁੱਲ੍ਹੇ ਰਹਿਣਗੇ। ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਪ੍ਰਸ਼ਾਸਨ ਨੇ ਹੁਣ ਤੱਕ 5 ਹਜ਼ਾਰ ਬਦਮਾਸ਼ਾਂ ਖਿਲਾਫ ਐੱਫ.ਆਈ.ਆਰ. ਦਰਜ਼ ਕੀਤੀ | 19 ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।