Punjab
ਕਿਸਾਨ ਅੰਦੋਲਨ : ਸ਼ੰਭੂ ਤੇ ਖਨੌਰੀ ਸਰਹੱਦ ‘ਤੇ ਡਟੇ ਕਿਸਾਨ ,ਕਿਸਾਨ ਆਗੂਆਂ ਨੇ 2 ਦਿਨਾਂ ਲਈ ਮੁਲਤਵੀ ਕੀਤਾ ਦਿੱਲੀ ਕੂਚ ਦਾ ਫੈਸਲਾ
22 ਫਰਵਰੀ 2024: ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ 10ਵਾਂ ਦਿਨ ਹੈ | ਇਸ ਦੇ ਨਾਲ ਹੀ ਕਿਸਾਨਾਂ ਨੇ ਦਿੱਲੀ ਜਾਣ ਦੀ ਯੋਜਨਾ 2 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ| ਇਹ ਫੈਸਲਾ ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਲਿਆ ਗਿਆ ਹੈ।
ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਅਸੀਂ ਅਗਲੇ 2 ਦਿਨਾਂ ਤੱਕ ਰਣਨੀਤੀ ਬਣਾਵਾਂਗੇ| ਪੰਧੇਰ ਨੇ ਪੁਲੀਸ ਗੋਲੀਬਾਰੀ ਦੀ ਫੋਟੋ ਜਾਰੀ ਕਰਦਿਆਂ ਕਿਹਾ ਹੈ ਕਿ ਸ਼ੁਭਕਰਨ ਸਿੰਘ (23) ਵਾਸੀ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਖਨੌਰੀ-ਦਾਤਾਸਿੰਘਵਾਲਾ ਸਰਹੱਦ ‘ਤੇ ਕਿਸਾਨਾਂ ਵੱਲੋਂ ਚਿੱਟਾ ਝੰਡਾ ਲਹਿਰਾਇਆ ਗਿਆ, ਜਿਸ ਦੇ ਜਵਾਬ ‘ਚ ਪ੍ਰਸ਼ਾਸਨ ਨੇ ਵੀ ਚਿੱਟਾ ਝੰਡਾ ਲਹਿਰਾਇਆ। ਫਿਲਹਾਲ ਦੋਵਾਂ ਪਾਸਿਆਂ ਤੋਂ ਸ਼ਾਂਤੀ ਬਣੀ ਹੋਈ ਹੈ।
ਹਰਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਅੱਜ ਦੁਪਹਿਰ 12 ਤੋਂ 2 ਵਜੇ ਤੱਕ ਸੜਕ ਜਾਮ ਕਰਨ ਦਾ ਐਲਾਨ ਕੀਤਾ ਹੈ| ਇਸ ਤੋਂ ਇਲਾਵਾ ਕਿਸਾਨ ਆਗੂ ਖਨੌਰੀ ਸਰਹੱਦ ’ਤੇ ਜਾ ਕੇ ਸ਼ੁਭਕਰਨ ਸਿੰਘ ਦੀ ਮੌਤ ਸਬੰਧੀ ਉਥੇ ਖੜ੍ਹੇ ਕਿਸਾਨਾਂ ਤੋਂ ਜਾਣਕਾਰੀ ਲੈਣਗੇ| ਦੱਸ ਦਈਏ ਕਿ ਕਿਸਾਨ ਆਗੂਆਂ ਨੇ 21 ਫ਼ਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਸੀ| ਸ਼ੰਭੂ ਸਰਹੱਦ ‘ਤੇ ਅੱਥਰੂ ਗੈਸ ਦੇ ਧੂੰਏਂ ਕਾਰਨ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ ਹੈ | ਡੱਲੇਵਾਲ ਨੂੰ ਰਾਤ ਨੂੰ ਹੀ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ|
ਹਰਿਆਣਾ ਪੁਲਿਸ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਦਾਤਾ ਸਿੰਘ-ਖਨੋਰੀ ਸਰਹੱਦ ‘ਤੇ ਪਰਾਲੀ ਵਿਚ ਮਿਰਚ ਪਾਊਡਰ ਪਾ ਕੇ ਅੱਗ ਲਗਾ ਦਿੱਤੀ। ਜ਼ਹਿਰੀਲੇ ਧੂੰਏਂ ਕਾਰਨ ਸਾਹ ਲੈਣ ਵਿੱਚ ਦਿੱਕਤ ਆਈ ਅਤੇ ਦ੍ਰਿਸ਼ਟੀ ਵੀ ਘੱਟ ਗਈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕਰਨ ਦੇ ਨਾਲ-ਨਾਲ ਲਾਠੀਆਂ ਅਤੇ ਡੰਡਿਆਂ ਦੀ ਵਰਤੋਂ ਕਰਦਿਆਂ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕੀਤਾ। ਜਿਸ ਵਿੱਚ 12 ਦੇ ਕਰੀਬ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ।