Punjab
ਕਿਸਾਨ ਅੰਦੋਲਨ: ਕਿਸਾਨਾਂ ਨੇ ਭਲਕੇ ਰੇਲ ਰੋਕੋ ਦਾ ਕੀਤਾ ਐਲਾਨ, ਅੰਬਾਲਾ ‘ਚ ਲੱਗੀ ਧਾਰਾ 144
9 ਮਾਰਚ 2024: ਕਿਸਾਨ ਅੰਦੋਲਨ ਨੂੰ ਲਗਭਗ 26 ਦਿਨ ਹੋ ਗਏ ਹਨ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡਟੇ ਹੋਏ ਹਨ। ਕਿਸਾਨਾਂ ਦੇ ਵਲੋਂ 10 ਮਾਰਚ ਨੂੰ ਰੇਲ ਰੋਕੋ ਦਾ ਐਲਾਨ ਕੀਤਾ ਗਿਆ ਹੈ। ਜਦਕਿ ਅੰਬਾਲਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਜਿਸ ਤਹਿਤ 5 ਜਾਂ 5 ਤੋਂ ਵੱਧ ਲੋਕ ਇੱਕ ਥਾਂ ‘ਤੇ ਇਕੱਠੇ ਨਹੀਂ ਹੋ ਸਕਦੇ। ਅਜਿਹੇ ‘ਚ ਅੰਬਾਲਾ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਵਜ੍ਹਾ ਇਕ ਥਾਂ ‘ਤੇ ਇਕੱਠੇ ਨਾ ਹੋਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਅੰਬਾਲਾ ‘ਚ ਧਾਰਾ 144 ਲਾਗੂ ਹੈ ਅਤੇ ਕੱਲ੍ਹ ਕਿਸਾਨਾਂ ਨੇ ਦੇਸ਼ ਭਰ ‘ਚ 4 ਘੰਟੇ ਲਈ ਰੇਲ ਰੋਕੇ ਜਾਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਅੰਬਾਲਾ ਦੇ ਏਐਸਪੀ ਸ੍ਰਿਸ਼ਟੀ ਗੁਪਤਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਅੰਬਾਲਾ ਵਿੱਚ ਧਾਰਾ 144 ਸੀਆਰਪੀਸੀ ਲਾਗੂ ਕਰ ਦਿੱਤੀ ਗਈ ਹੈ। ਇਸ ਦੌਰਾਨ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਹੈ। ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਬਿਨਾਂ ਕਿਸੇ ਲੋੜ ਦੇ ਇੱਕ ਥਾਂ ਇਕੱਠੇ ਨਾ ਹੋ। ਜੇਕਰ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।