Punjab
ਲੋਕ ਸਭਾ ਚੋਣਾਂ ਲਈ ਗੁਆਂਢੀ ਰਾਜਾਂ ਦੇ ਵਸਨੀਕਾਂ ਨੂੰ ਵੋਟ ਪਾਉਣ ਲਈ ਮਿਲੇਗੀ ਛੁੱਟੀ
3 ਅਪ੍ਰੈਲ 2024: ਪੰਜਾਬ ਵਿੱਚ ਕੰਮ ਕਰ ਰਹੇ ਗੁਆਂਢੀ ਰਾਜਾਂ ਦੇ ਵਸਨੀਕਾਂ ਨੂੰ ਲੋਕ ਸਭਾ ਚੋਣਾਂ ਲਈ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਵੋਟਰਾਂ ਲਈ 19 ਅਪ੍ਰੈਲ ਅਤੇ ਹਿਮਾਚਲ ਪ੍ਰਦੇਸ਼ ਅਤੇ ਯੂਟੀ ਚੰਡੀਗੜ੍ਹ ਦੇ ਵੋਟਰਾਂ ਲਈ 1 ਜੂਨ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਦੱਸਿਆ ਕਿ ਜੇਕਰ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ-ਨਿਗਮਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਦੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਵਿੱਚੋਂ ਕੋਈ ਰਾਜਸਥਾਨ ਅਤੇ ਜੰਮੂ-ਕਸ਼ਮੀਰ ਦਾ ਵੋਟਰ ਹੈ ਤਾਂ ਉਹ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਬਣਾ ਸਕਦਾ ਹੈ। ਇਸ ਨੂੰ ਪੇਸ਼ ਕਰਕੇ ਉਹ ਸਬੰਧਤ ਅਥਾਰਟੀ ਤੋਂ 19 ਅਪ੍ਰੈਲ ਦੀ ਵਿਸ਼ੇਸ਼ ਛੁੱਟੀ ਲੈ ਸਕੇਗਾ।
ਇਹ ਛੁੱਟੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਛੁੱਟੀ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਯੂਟੀ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਕਿਸੇ ਵੀ ਉਦਯੋਗਿਕ ਸੰਸਥਾ, ਕਾਰੋਬਾਰ, ਵਪਾਰ ਜਾਂ ਪੰਜਾਬ ਦੇ ਕਿਸੇ ਹੋਰ ਸੰਸਥਾਨ ਵਿੱਚ ਕੰਮ ਕਰਦੇ ਵੋਟਰਾਂ ਨੂੰ ਵੀ ਵੋਟ ਪਾਉਣ ਲਈ ਪੇਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ।