Punjab
ਸਿੱਖਿਆ ਵਿਭਾਗ ਦਾ ਸਖ਼ਤ ਫ਼ਰਮਾਨ, ਸਕੂਲਾਂ ਲਈ ਜਾਰੀ ਕੀਤੀ ਐਡਵਾਈਜ਼ਰੀ
ਕਹਿਰ ਦੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਸਕੂਲੀ ਬੱਚਿਆਂ ਲਈ ਸਖ਼ਤ ਫੈਸਲਾ ਲਿਆ ਹੈ। ਦਰਅਸਲ ਵਿਭਾਗ ਵੱਲੋਂ ਪ੍ਰਾਈਵੇਟ, ਏਡਿਡ ਅਤੇ ਸਰਕਾਰੀ ਸਕੂਲਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਬਿੰਦੂ ਅਰਾਦੋ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਗਰਮੀ ਕਾਰਨ ਸਕੂਲ ਦੀ ਸਵੇਰ ਵਾਲੀ ਸਭਾ ‘ਚ ਮੌਸਮ ਅਨੁਸਾਰ ਸਿਹਤ ਸਬੰਧੀ ਜਾਣਕਾਰੀ ਦੇਣ। ਬੱਚਿਆਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਅਤੇ ਗਰਮੀ ਤੋਂ ਬਚਣ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾਵੇ।
ਕਲਾਸ ਰੂਮ ਵਿੱਚ ਸਵੇਰ ਦੀ ਸਭਾ ਕਰਨ ਦੀ ਸਲਾਹ ਦਿੱਤੀ ਗਈ। ਸਕੂਲ ਸਮੇਂ ਦੌਰਾਨ ਸਰੀਰਕ ਗਤੀਵਿਧੀਆਂ ਤੋਂ ਬਚਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਸਕੂਲ ਦੇ ਸਾਰੇ ਕਮਰਿਆਂ ਅਤੇ ਗਲਿਆਰਿਆਂ ਵਿੱਚ ਪੱਖੇ ਲਗਾਏ ਜਾਣ। ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਗਲੂਕੋਜ਼ ਸਮੇਤ ਫਸਟ ਏਡ ਕਿੱਟਾਂ ਨੂੰ ਢੁੱਕਵੀਂ ਥਾਂ ‘ਤੇ ਰੱਖਣਾ ਚਾਹੀਦਾ ਹੈ, ਤਾਂ ਜੋ ਜ਼ਿਆਦਾ ਗਰਮੀ ਕਾਰਨ ਦਵਾਈਆਂ ਖ਼ਰਾਬ ਨਾ ਹੋਣ। ਕਿਸੇ ਵੀ ਤਰ੍ਹਾਂ ਦੀ ਡਾਕਟਰੀ ਐਮਰਜੈਂਸੀ ਨਾਲ ਨਜਿੱਠਣ ਲਈ ਮੈਡੀਕਲ ਹੈਲਥ ਰੂਮ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਜੇਕਰ ਬੱਚੇ ਪਾਣੀ ਦੀਆਂ ਬੋਤਲਾਂ ਘਰੋਂ ਲੈ ਕੇ ਆਉਂਦੇ ਹਨ, ਤਾਂ ਉਨ੍ਹਾਂ ਨੂੰ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਾਣੀ ਦੀਆਂ ਬੋਤਲਾਂ ਭਰਨ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ।
(ਸਟੋਰੀ – ਇਕਬਾਲ ਕੌਰ, ਵਰਲਡ ਪੰਜਾਬੀ)