Uncategorized
2 ਬੱਸਾਂ ਨਦੀ ‘ਚ ਡਿੱਗਣ ਕਾਰਨ 60 ਤੋਂ ਵੱਧ ਸਵਾਰੀਆਂ ਹੋਈਆਂ ਲਾਪਤਾ
NEPAL BUS ACCIDENT : ਨੇਪਾਲ ਵਿੱਚ ਸਵੇਰੇ ਇਕ ਹਾਦਸਾ ਵਾਪਰ ਗਿਆ ਹੈ। ਢਿੱਗਾਂ ਡਿੱਗਣ ਕਾਰਨ ਸਵਾਰੀਆਂ ਨਾਲ ਭਰੀਆਂ ਦੋ ਬੱਸਾਂ ਨਦੀ ਵਿੱਚ ਡਿੱਗ ਗਈਆਂ ਹਨ।
ਮਦਨ ਅਸ਼੍ਰਿਤ ਹਾਈਵੇਅ ‘ਤੇ ਜ਼ਮੀਨ ਖਿਸਕਣ ਕਾਰਨ ਸਵਾਰੀਆਂ ਨਾਲ ਭਰੀਆਂ ਦੋ ਬੱਸਾਂ ਹਾਈਵੇਅ ਨੇੜੇ ਵਹਿਣ ਵਾਲੀ ਤ੍ਰਿਸ਼ੂਲ ਨਦੀ ਵਿੱਚ ਡਿੱਗ ਗਈਆਂ। ਦੱਸਿਆ ਜਾ ਰਿਹਾ ਹੈ ਕਿ ਬੱਸ ਨਦੀ ਵਿੱਚ ਡਿੱਗਣ ਤੋਂ ਬਾਅਦ ਨਦੀ ਦੇ ਤੇਜ਼ ਵਹਾਅ ਕਾਰਨ ਦੋਵੇਂ ਬੱਸਾਂ ਵਹਿ ਗਈਆਂ। ਇਸ ਘਟਨਾ ਵਿੱਚ 60 ਤੋਂ ਵੱਧ ਯਾਤਰੀ ਲਾਪਤਾ ਹੋ ਗਏ ਹਨ। ਫਿਲਹਾਲ ਉਨ੍ਹਾਂ ਦੀ ਭਾਲ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਵੀ ਬਚਾਅ ਟੀਮ ਦੀ ਮਦਦ ਕਰ ਰਹੀ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਬੱਸ ਰਾਜਧਾਨੀ ਕਾਠਮੰਡੂ ਜਾ ਰਹੀ ਸੀ। ਇਨ੍ਹਾਂ ਦੋ ਬੱਸਾਂ ਦੇ ਨਾਂ ਏਂਜਲ ਅਤੇ ਗਣਪਤੀ ਡੀਲਕਸ ਬੱਸ ਸਨ। ਜ਼ਮੀਨ ਖਿਸਕਣ ਕਾਰਨ ਇਹ ਬੱਸਾਂ ਪਲਟ ਗਈਆਂ ਅਤੇ ਇਹ ਹਾਦਸਾ ਵਾਪਰ ਗਿਆ। ਪੁਲੀਸ ਮੁਤਾਬਕ ਉਨ੍ਹਾਂ ਨੂੰ ਇਸ ਹਾਦਸੇ ਦੀ ਜਾਣਕਾਰੀ ਇਨ੍ਹਾਂ ਬੱਸਾਂ ਵਿੱਚ ਸਵਾਰ ਕੁਝ ਸਵਾਰੀਆਂ ਤੋਂ ਮਿਲੀ। ਬੱਸ ਦੇ ਨਦੀ ਵਿੱਚ ਡਿੱਗਣ ਤੋਂ ਬਾਅਦ ਇਨ੍ਹਾਂ ਸਵਾਰੀਆਂ ਨੇ ਤੈਰ ਕੇ ਆਪਣੀ ਜਾਨ ਬਚਾਈ ਅਤੇ ਬਾਅਦ ਵਿੱਚ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਨੇਪਾਲ ਦੇ PM ਨੇ ਜਤਾਇਆ ਦੁੱਖ
ਇਹ ਹਾਦਸਾ ਵਾਪਰਨ ਤੋਂ ਬਾਅਦ ਨੇਪਾਲ ਦੇ ਪੀਐਮ ਪੁਸ਼ਪਾ ਕਮਲ ਦਹਿਲ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਨਰਾਇਣਗੜ੍ਹ-ਮੁਗਲਿਨ ਰੋਡ ਸੈਕਸ਼ਨ ‘ਤੇ ਜ਼ਮੀਨ ਖਿਸਕਣ ਨਾਲ ਬੱਸ ਦੇ ਰੁੜ੍ਹ ਜਾਣ ਤੋਂ ਬਾਅਦ ਪੰਜ ਦਰਜਨ ਦੇ ਕਰੀਬ ਯਾਤਰੀਆਂ ਦੇ ਲਾਪਤਾ ਹੋਣ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਜਾਇਦਾਦ ਨੂੰ ਹੋਏ ਨੁਕਸਾਨ ਦੀ ਰਿਪੋਰਟ ਤੋਂ ਬਹੁਤ ਦੁਖੀ ਹਾਂ। ਮੈਂ ਗ੍ਰਹਿ ਪ੍ਰਸ਼ਾਸਨ ਸਮੇਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਨਿਰਦੇਸ਼ ਦਿੰਦਾ ਹਾਂ ਕਿ ਉਹ ਮੁਸਾਫਰਾਂ ਦੀ ਭਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਚਾਅ ਕਰਨ।