Corona Virus
ਬਾਹਰਲੇ ਸੂਬਿਆਂ ਵਿੱਚ ਕਣਕ ਵੱਢ ਵਾਪਸ ਪਰਤੇ ਕੰਬਾਈਨ ਡਰਾਇਵਰ ਹੋ ਰਹੇ ਖੱਜਲ
ਫਿਰੋਜ਼ਪੁਰ, 03 ਮਈ ( ਪਰਮਜੀਤ ਪੰਮਾ ): ਕਣਕ ਦੇ ਸੀਜਨ ਨੂੰ ਲੈ ਕੇ ਜਿਲ੍ਹਾ ਫਿਰੋਜ਼ਪੁਰ ਦੇ ਕੁੱਝ ਲੋਕ ਕੰਬਾਈਨਾਂ ਦੇ ਨਾਲ ਦੂਸਰੀਆਂ ਸਟੇਟਾ ਵਿੱਚ ਗਏ ਹੋਏ ਸਨ। ਜੋ ਹੁਣ ਵਾਪਸ ਪੰਜਾਬ ਆਉਣੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਵਿਚੋਂ ਕੁੱਝ ਲੋਕਾਂ ਨੂੰ ਫਿਰੋਜ਼ਪੁਰ ਦੇ ਪਿੰਡ ਲੱਲੇ ਦੇ ਨਜਦੀਕ ਬਣੇ ਬਿਆਸ ਡੇਰੇ ਵਿੱਚ ਏਕਾਂਤਵਾਸ ਕੀਤਾ ਗਿਆ ਸੀ। ਅੱਜ ਜਦੋਂ ਮੀਡੀਆ ਵੱਲੋਂ ਬਿਆਸ ਡੇਰੇ ਵਿੱਚ ਮੌਜੂਦ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਉਨ੍ਹਾਂ ਲੋਕਾਂ ਦੀ ਸਹੀ ਦੇਖਭਾਲ ਅਤੇ ਸੁਰੱਖਿਆ ਨੂੰ ਲੇਕੇ ਵੱਡੇ ਵੱਡੇ ਦਾਅਵੇ ਕੀਤੇ ਗਏ ਪਰ ਉਥੋਂ ਦੀਆਂ ਤਸਵੀਰਾਂ ਕੁੱਝ ਹੋਰ ਹੀ ਬਿਆਨ ਕਰ ਰਹੀਆਂ ਸਨ ਇੱਕ ਵੀਡੀਓ ਦੌਰਾਨ ਲੋਕਾਂ ਨੇ ਦੱਸਿਆ ਕਿ 100 ਦੇ ਕਰੀਬ ਬੰਦੇ ਨੂੰ ਇੱਕ ਸੈਡ ਥੱਲੇ ਰੱਖਿਆ ਗਿਆ ਹੈ। ਜਿਥੇ ਨਾ ਤਾਂ ਕੋਈ ਸੋਸਲ ਡਿਸਟੈਂਸ ਬਣਾਇਆ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਖਾਣ ਲਈ ਸਹੀ ਖਾਣਾ ਦਿੱਤਾ ਜਾ ਰਿਹਾ ਹੈ। ਇਥੋਂ ਤੱਕ ਕਿ ਉਨ੍ਹਾਂ ਸਾਰਿਆਂ ਨੂੰ ਨਹਾਉਣ ਲਈ ਇੱਕ ਹੀ ਬਾਥਰੂਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਥੇ ਮੌਜੂਦ ਲੋਕ ਅਲੱਗ ਅਲੱਗ ਥਾਵਾਂ ਤੋਂ ਆਏ ਹਨ ਉਨ੍ਹਾਂ ਵਿਚੋਂ ਕੋਈ ਵੀ ਕਰੋਨਾ ਮਰੀਜ਼ ਹੋ ਸਕਦਾ ਹੈ। ਜਿਸ ਨਾਲ ਸਾਰਿਆਂ ਦੀ ਜਿਦੰਗੀ ਖਤਰੇ ਵਿੱਚ ਪੈ ਸਕਦੀ ਹੈ। ਉਨ੍ਹਾਂ ਕਿਹਾ ਜਾ ਤਾਂ ਪ੍ਰਸਾਸਨ ਉਨ੍ਹਾਂ ਦੇ ਰਹਿਣ ਸਹਿਣ ਦੇ ਸਹੀ ਪ੍ਰਬੰਧ ਕਰਵਾਏ ਜਾ ਫਿਰ ਉਨ੍ਹਾਂ ਦੇ ਟੈਸਟ ਕਰਾਕੇ ਉਨ੍ਹਾਂ ਨੂੰ ਆਪਣੇ ਆਪਣੇ ਘਰਾਂ ਨੂੰ ਜਾਣ ਦਿੱਤਾ ਜਾਵੇ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਬੰਦੀ ਬਣਾ ਕੇ ਨਾ ਰੱਖਿਆ ਜਾਵੇ।
ਤੁਹਾਨੂੰ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਉਥੇ ਮੌਜੂਦ ਅਧਿਕਾਰੀ ਪ੍ਰਬੰਧਾਂ ਦੇ ਦਾਅਵੇ ਕਰ ਰਹੇ ਸਨ। ਉਥੇ ਹੀ ਇਨ੍ਹਾਂ ਦਾਅਵੇਆ ਦੀ ਪੋਲ ਵੀ ਖੁਲਦੀ ਨਜਰ ਆਈ ਜਿਥੇ ਉਥੇ ਮੌਜੂਦ ਅਧਿਕਾਰੀਆਂ ਕੋਲ ਸੈਨੇਟਾਇਜਰ ਤੋਂ ਲੇਕੇ ਮਾਸਕ ਵਰਗੀਆਂ ਸੁਵਿਧਾਵਾਂ ਨਜਰ ਆ ਰਹੀਆਂ ਸਨ। ਉਥੇ ਹੀ ਗੇਟ ਦੀ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਕਰੋਨਾਵਾਇਰਸ ਦੇ ਬਚਾਅ ਲਈ ਨਾ ਤਾਂ ਸੈਨੇਟਾਇਜਰ ਦਿੱਤਾ ਗਿਆ ਅਤੇ ਨਾ ਹੀ ਮਾਸਕ ਬੇਸੱਕ ਉਥੇ ਦੇ ਮੇਨ ਗੇਟ ਉਪਰ ਮੋਟੇ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਕਿ ਗੇਟ ਨੂੰ ਹੱਥ ਨਾ ਲਗਾਓ ਪਰ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮ ਨੂੰ ਹੱਥਾਂ ਦੀ ਸੈਫਟੀ ਲਈ ਗਲੱਵਸ ਵੀ ਨਹੀਂ ਦਿੱਤੇ ਗਏ। ਜਦੋਂ ਇਸ ਲਾਪਰਵਾਹੀ ਬਾਰੇ ਉਥੇ ਮੌਜੂਦ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਹਾਲੇ ਕੱਲ ਹੀ ਇਥੇ ਲੋਕਾਂ ਨੂੰ ਲਿਆਂਦਾ ਗਿਆ ਹੈ। ਇਸ ਲਈ ਜਲਦੀ ਸਭ ਪ੍ਰਬੰਧ ਕੀਤੇ ਜਾਣਗੇ।
ਇਥੇ ਦੱਸ ਦਈਏ ਕਿ ਅੱਜ ਫਿਰੋਜ਼ਪੁਰ ਤੋਂ ਕੁੱਝ ਡਾਕਟਰਾਂ ਦੀ ਟੀਮ ਵੀ ਇਥੇ ਇਨ੍ਹਾਂ ਲੋਕਾਂ ਦੇ ਟੇਸਟ ਕਰਨ ਲਈ ਪੁੱਜੀ ਸੀ ਅਤੇ ਇਥੇ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਵਿਚੋਂ ਤਿੰਨ ਮੈਂਬਰ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਸਵਾਲ ਇਹ ਉਠਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਪਹਿਲਾਂ ਤੋਂ ਹੀ ਸਾਰੇ ਪ੍ਰਬੰਧ ਕਿਉਂ ਨਹੀਂ ਕਰਦੇ ਅਗਰ ਉਨ੍ਹਾਂ ਲੋਕਾਂ ਵਿਚੋਂ ਕੋਈ ਇੱਕ ਵੀ ਕੋਰੋਨਾ ਦਾ ਸ਼ਿਕਾਰ ਹੋਇਆ ਤਾਂ ਉਥੇ ਮੌਜੂਦ ਸਭ ਦੀ ਜਿਦੰਗੀ ਖਤਰੇ ਵਿੱਚ ਪੈ ਸਕਦੀ ਹੈ। ਸੋ ਲੋੜ ਹੈ ਸਰਕਾਰ ਅਤੇ ਜਿਲ੍ਹਾ ਪ੍ਰਸਾਸਨ ਨੂੰ ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਵੱਲ ਖਾਸ ਧਿਆਨ ਦੇਣ ਦੀ ਤਾਂ ਜੋ ਅਸੀਂ ਪੰਜਾਬ ਨੂੰ ਕੋਰੋਨਾ ਮੁਕਤ ਬਣਾ ਸਕੀਏ।