Punjab
ਕੋਲਕਾਤਾ ਮਾਮਲੇ ‘ਚ ਡਾਕਟਰਾਂ ਨੇ ਸੜਕਾਂ ਕੀਤੀਆਂ ਜਾਮ
LUDHIANA : ਕੋਲਕਾਤਾ ਦੇ ਆਰ.ਜੀ. ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦੂਜੇ ਸਾਲ ਦੀ ਪੋਸਟ ਗ੍ਰੈਜੂਏਟ ਵਿਦਿਆਰਥਣ ਨਾਲ ਬਲਾਤਕਾਰ ਅਤੇ ਹੱਤਿਆ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰਾਂ ਵਿੱਚ ਡੂੰਘਾ ਗੁੱਸਾ ਹੈ। ਇਸ ਸਬੰਧੀ ਇੰਡੀਅਨ ਮੈਡੀਕਲ ਐਸੋ. ਦੇ ਸੱਦੇ ’ਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਓ.ਪੀ.ਡੀ. ਸਵੇਰ ਵੇਲੇ ਸੇਵਾਵਾਂ ਬੰਦ ਰਹੀਆਂ ਅਤੇ 1000 ਤੋਂ ਵੱਧ ਡਾਕਟਰਾਂ ਨੇ ਆਈ.ਐਮ.ਏ. ਨੇ ਰੋਹ ਵਿੱਚ ਆਈ ਐਮ ਏ ਹਾਊਸ ਤੋਂ ਫਿਰੋਜ਼ਪੁਰ ਰੋਡ ਤੱਕ ਮਾਰਚ ਕੀਤਾ ਅਤੇ ਕੋਲਕਾਤਾ ਵਿੱਚ ਡਾਕਟਰ ਨਾਲ ਹੋਈ ਮੰਦਭਾਗੀ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਲੁਧਿਆਣਾ ਦੇ ਪ੍ਰਧਾਨ ਡਾ: ਪ੍ਰੀਤਪਾਲ ਸਿੰਘ ਨੇ ਕਿਹਾ ਕਿ ਇਹ ਪੱਛਮੀ ਬੰਗਾਲ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਦਰਸਾਉਂਦਾ ਹੈ।
ਇਸ ਘਿਨਾਉਣੇ ਕਾਰੇ ਵਿੱਚ ਸ਼ਾਮਲ ਸਾਰੇ ਅਪਰਾਧੀਆਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਕਾਨੂੰਨ ਵਿੱਚ ਵਿਸ਼ਵਾਸ ਇੱਕ ਵਾਰ ਫਿਰ ਤੋਂ ਬਹਾਲ ਹੋ ਸਕੇ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ਦੇ ਨਿਵਾਸੀ ਡਾਕਟਰਾਂ ਅਤੇ ਮੈਡੀਕਲ ਪੇਸ਼ੇਵਰਾਂ ਦੀ ਸੰਤੁਸ਼ਟੀ ਲਈ ਇਸ ਸੰਕਟ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਕਨਵੀਨਰ ਡਾ: ਮਨੋਜ ਕੇ ਸੋਬਤੀ ਨੇ ਕਿਹਾ ਕਿ ਪੀੜਤਾ ਦੀ ਪੋਸਟਮਾਰਟਮ ਰਿਪੋਰਟ ਵਿਚ ਸੱਟਾਂ ਦੀ ਗਿਣਤੀ ਅਤੇ ਕਿਸਮ ਤੋਂ ਲੱਗਦਾ ਹੈ ਕਿ ਇਸ ਅਪਰਾਧ ਵਿਚ ਕਈ ਲੋਕ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਜਾਂਚ ਦੀ ਨਿਗਰਾਨੀ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ।