National
ਜੇਲ੍ਹ ‘ਚ ਕੈਦੀ ਦੀ ਮੌਤ ‘ਤੇ ਪਰਿਵਾਰ ਨੂੰ ਮਿਲੇਗਾ 7.5 ਲੱਖ ਰੁਪਏ ਦਾ ਮੁਆਵਜ਼ਾ

DELHI : ਜੇਲ੍ਹ ‘ਚ ਕੈਦੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਨੂੰ ਸੁਰੱਖਿਅਤ ਕਰਨ ਲਈ ਦਿੱਲੀ ਸਰਕਾਰ ਨੇ ਇਕ ਅਹਿਮ ਫ਼ੈਸਲਾ ਲਿਆ ਹੈ। ਦਿੱਲੀ ਸਰਕਾਰ ਦੇ ਗ੍ਰਹਿ ਮੰਤਰੀ ਕੈਲਾਸ਼ ਗਹਿਲੋਤ ਨੇ ਦਿੱਲੀ ਦੀਆਂ ਜੇਲ੍ਹਾਂ ‘ਚ ਗੈਰ-ਕੁਦਰਤੀ ਕਾਰਾਨਾਂ ਕਰ ਕੇ ਮਰਨ ਵਾਲੇ ਕੈਦੀਆਂ ਦੇ ਪਰਿਵਾਰਾਂ ਨੂੰ 7.5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਸਰਕਾਰ ਨੇ ਇਸ ਸੰਬੰਧ ‘ਚ ਪ੍ਰਸਤਾਵ ਮਨਜ਼ੂਰੀ ਲਈ ਉਪ ਰਾਜਪਾਲ ਕੋਲ ਭੇਜਿਆ ਹੈ।
ਦਿੱਲੀ ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ‘ਚ ਕੈਦੀਆਂ ਵਿਚਾਲੇ ਝਗੜੇ, ਜੇਲ੍ਹ ਕਰਮਚਾਰੀਆਂ ਵਲੋਂ ਕੈਦੀਆਂ ਦੀ ਕੁੱਟਮਾਰ ਜਾਂ ਉਨ੍ਹਾਂ ਨੂੰ ਤਸੀਹੇ ਦੇਣ, ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ, ਮੈਡੀਕਲ ਜਾਂ ਪੈਰਾ-ਮੈਡੀਕਲ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਕਿਸੇ ਕੈਦੀ ਦੀ ਗੈਰ-ਕੁਦਰਤੀ ਮੌਤ ਹੋਣ ਦੇ ਮਾਮਲੇ ‘ਚ ਇਹ ਮੁਆਵਜ਼ਾ ਦਿੱਤਾ ਜਾਵੇਗਾ। ਉੱਥੇ ਹੀ ਖ਼ੁਦਕੁਸ਼ੀ ਕਾਰਨ ਗੈਰ-ਕੁਦਰਤੀ ਮੌਤ, ਜੇਲ੍ਹ ਤੋਂ ਦੌੜਨ ਦੀ ਕੋਸ਼ਿਸ਼ ‘ਚ ਜਾਂ ਜੇਲ੍ਹ ਦੇ ਬਾਹਰ ਵੈਧ ਹਿਰਾਸਤ ਤੋਂ ਦੌੜਨ ਦੀ ਕੋਸ਼ਿਸ਼ ‘ਚ ਮੌਤ, ਕੈਦੀ ਦੀ ਕੁਦਰਤੀ ਮੌਤ ਅਤੇ ਆਫ਼ਤ ਨਾਲ ਹੋਈ ਮੌਤ ਦੇ ਮਾਮਲਿਆਂ ‘ਚ ਮੁਆਵਜ਼ਾ ਮਨਜ਼ੂਰ ਨਹੀਂ ਹੋਵੇਗਾ।
ਇਸ ਤੋਂ ਇਲਾਵਾ ਬੀਮਾਰੀ ਨਾਲ ਹੋਣ ਵਾਲੀਆਂ ਮੌਤਾਂ ‘ਤੇ ਵੀ ਇਹ ਲਾਗੂ ਨਹੀਂ ਹੋਵੇਗਾ। ਦਿੱਲੀ ਸਰਕਾਰ ਦੇ ਗ੍ਰਹਿ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਇਹ ਪਹਿਲ ਜੇਲ੍ਹ ਪ੍ਰਣਾਲੀ ਦੇ ਅੰਦਰ ਨਿਆਂ ਅਤੇ ਜਵਾਬਦੇਹੀ ਯਕੀਨੀ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਜੇਲ੍ਹ ‘ਚ ਕਿਸੇ ਕੈਦੀ ਦੀ ਮੌਤ ਹੋਣ ‘ਤੇ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਪ੍ਰਦਾਨ ਕਰਨਾ ਮਨੁੱਖੀ ਅਧਿਕਾਰਾਂ ਦੇ ਪਿਲਰਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ‘ਚ ਇਕ ਇਤਿਹਾਸਕ ਕਦਮ ਹੈ।