Punjab
ਕਰਨ ਔਜਲਾ ਨੇ ਹਾਸਿਲ ਕੀਤਾ ਇਹ ਵੱਡਾ ਐਵਾਰਡ, ਵਧਾਇਆ ਪੰਜਾਬੀਆਂ ਦਾ ਮਾਣ
ਪੰਜਾਬੀ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਦੇ ਨਾਂ ਨਾਲ ਜਾਣੇ ਜਾਂਦੇ ਕਰਨ ਔਜਲਾ ਇਨ੍ਹੀ ਦਿਨੀ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ ਕਰਨ ਔਜਲਾ ਨੂੰ ਆਈਫਾ (IIFA) ਐਵਾਰਡ 2024 ਦੇ ਦੌਰਾਨ ‘ਇੰਟਰਨੈਸ਼ਨਲ ਟ੍ਰੈਂਡ ਸੈਟਰ ਆਫ ਈਅਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਸਿੱਧ ਗਾਇਕ ਸ਼ੰਕਰ ਮਹਾਦੇਵਨ ਵੱਲੋਂ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਐਵਾਰਡ ਲੈਣ ਤੋਂ ਬਾਅਦ ਕਰਨ ਔਜਲਾ ਨੇ ਗੀਤ ਤੌਬਾ ਤੌਬਾ ਗਾ ਕੇ ਸਟੇਜ ‘ਤੇ ਸਾਰਿਆਂ ਨੂੰ ਸੁਣਾਇਆ, ਜਿਸ ਕਾਰਨ ਸਮੁੱਚੇ ਪ੍ਰੋਗਰਾਮ ਦੀ ਰੌਣਕ ਵਧ ਗਈ।
ਐਵਾਰਡ ਲੈਣ ਤੋਂ ਬਾਅਦ ਕਰਨ ਔਜਲਾ ਨੇ ਮੀਡੀਆ ਨੂੰ ਕਿਹਾ – “ਮੈਂ ਬਹੁਤ ਹੈਰਾਨ ਸੀ ਕਿ ਮੈਨੂੰ ਇਹ ਸਨਮਾਨ ਮਿਲਿਆ ਹੈ। ਇਹ ਮੇਰੀ ਟੀਮ ਦਾ ਵਿਚਾਰ ਸੀ ਅਤੇ ਅਸੀਂ ਇਸਨੂੰ ਕੀਤਾ ਅਤੇ ਅਸੀਂ ਸਫਲ ਹੋਏ। ਮੈਂ ਇਸ ਸਮੇਂ ਜੋ ਮਹਿਸੂਸ ਕਰ ਰਿਹਾ ਹਾਂ, ਮੈਂ ਸ਼ਬਦਾਂ ਵਿੱਚ ਬਿਆਨ ਕਰਨ ਦੇ ਯੋਗ ਨਹੀਂ ਹਾਂ। ਅੰਤ ‘ਚ ਕਰਨ ਨੇ ਕਿਹਾ- ਜੇਕਰ ਮੇਰੇ ਨਾਲ ਪੰਜਾਬੀ ਅਤੇ ਕੈਨੇਡੀਅਨ ਪ੍ਰਸ਼ੰਸਕ ਨਾ ਹੁੰਦੇ ਤਾਂ ਮੈਂ ਅੱਜ ਇੱਥੇ ਨਾ ਹੁੰਦਾ।” ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਨ ਔਜਲਾ ਨਾਲ ਇਸ ਐਵਾਰਡ ਸਮਾਰੋਹ ‘ਚ ਰੈਪਰ ਹਨੀ ਸਿੰਘ ਬੈਠੇ ਹੋਏ ਹਨ ਅਤੇ ਦੋਵੇਂ ਇਸ ਐਵਾਰਡ ਫੰਕਸ਼ਨ ਦੌਰਾਨ ਇੰਜੁਆਏ ਕਰ ਰਹੇ ਹਨ।
ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਸ ਨੇ ਛੋਟੀ ਉਮਰ ਵਿੱਚ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ। ਔਜਲਾ ਜੱਸੀ ਗਿੱਲ ਦੀ ਬਦੌਲਤ ਮਿਊਜ਼ਿਕ ਇੰਡਸਟਰੀ ਵਿੱਚ ਆਏ ਸਨ। ਉਸ ਨੇ ਜੱਸੀ ਗਿੱਲ ਲਈ ਇੱਕ ਗੀਤ ਲਿਖਿਆ ਸੀ ਅਤੇ ਉਹ ਗੀਤ ਬਹੁਤ ਹਿੱਟ ਹੋਇਆ ਸੀ।