Connect with us

International

ਕਲਾਉਡੀਆ ਸੀਨਬੌਮ ਪਾਰਡੋ ਨੇ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

Published

on

ਕਲਾਉਡੀਆ ਸੀਨਬੌਮ ਨੇ ਮੈਕਸੀਕੋ ਵਿਚ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਸਹੁੰ ਚੁਕਦੇ ਹੀ ਉਹ ਅਪਣੇ ਦੇਸ਼ ਦੀ 66ਵੀਂ ਰਾਸ਼ਟਰਪਤੀ ਬਣ ਗਈ। ਉਨ੍ਹਾਂ ਨੇ ਅਜਿਹੇ ਸਮੇਂ ਸਹੁੰ ਚੁੱਕੀ ਹੈ ਜਦੋਂ ਦੇਸ਼ ਅਪਰਾਧਕ ਹਿੰਸਾ ਨਾਲ ਘਿਰਿਆ ਹੋਇਆ ਹੈ। ਸਹੁੰ ਚੁੱਕਣ ਤੋਂ ਬਾਅਦ ਕਲਾਉਡੀਆ ਸੀਨਬੌਮ ਨੇ ਦ੍ਰਿੜਤਾ ਨਾਲ ਕਿਹਾ ਕਿ ਉਹ ਦੇਸ਼ ਵਿਚ ਵਧ ਰਹੀ ਹਿੰਸਾ ਤੇ ਅਪਰਾਧ ਨੂੰ ਜੜ੍ਹੋਂ ਪੁੱਟਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ‘ਸਮਾਜਿਕ ਨੀਤੀ’ ਦੀ ਵਰਤੋਂ ਕਰੇਗੀ।

ਕਲਾਉਡੀਆ ਸੀਨਬੌਮ ਇਸ ਤੋਂ ਪਹਿਲਾਂ ਮੈਕਸੀਕੋ ਦੀ ਮੇਅਰ ਰਹਿ ਚੁੱਕੀ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਨੇਤਾ ਬਣਨ ਤੋਂ ਪਹਿਲਾਂ ਇਕ ਵਿਗਿਆਨੀ ਸੀ। ਕਲਾਉਡੀਆ ਸੀਨਬੌਮ ਨੇ ਐਂਡਰੇਸ ਮੈਨੁਅਲ ਲੋਪੇਜ ਓਬਰਾਡੋਰ ਦੀ ਥਾਂ ਮੈਕਸੀਕੋ ਦੇ ਰਾਸ਼ਟਰਪਤੀ ਵਜੋਂ, ਦੁਨੀਆ ਦੇ ਸੱਭ ਤੋਂ ਵਧ ਅਬਾਦੀ ਵਾਲੇ ਸਪੈਨਿਸ ਬੋਲਣ ਵਾਲੇ ਦੇਸ਼ ਨੂੰ ਚੁਣਿਆ। 62 ਸਾਲਾ ਕਲਾਉਡੀਆ ਸੇਨਬੌਮ ਨੇ ਕਾਂਗਰਸ ਹਾਊਸ ਵਿਚ ਛੇ ਸਾਲ ਦੇ ਕਾਰਜਕਾਲ ਲਈ ਅਹੁਦੇ ਦੀ ਸਹੁੰ ਚੁੱਕੀ।

ਸੇਨਬੌਮ ਯਹੂਦੀ ਪਿਛੋਕੜ ਦੀ ਪਹਿਲੀ ਰਾਸ਼ਟਰਪਤੀ ਹੈ। ਉਸ ਨੇ ਅਪਣੇ ਪੂਰਵ ਰਾਸ਼ਟਰਪਤੀ ਲੋਪੇਜ ਦੀਆਂ ਨੀਤੀਆਂ ਵਿਰੁਧ ਚੋਣਾਂ ਲੜੀਆਂ ਅਤੇ ਉਸ ਦੀਆਂ ਨੀਤੀਆਂ ਵਿਰੁਧ ਅਪਣਾ ਨਜ਼ਰੀਆ ਪੇਸ਼ ਕੀਤਾ, ਜਿਸ ਨੂੰ ਜਨਤਕ ਹੁੰਗਾਰਾ ਮਿਲਿਆ ਅਤੇ ਉਹ ਜਿੱਤ ਗਈ। ਹਾਲਾਂਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਲਈ ਦੇਸ਼ ’ਚ ਫੈਲੀ ਹਿੰਸਾ, ਮਾਫ਼ੀਆ ਅਤੇ ਨਸ਼ੀਲੇ ਪਦਾਰਥਾਂ ਨਾਲ ਨਜਿੱਠਣਾ ਵੱਡੀ ਚੁਣੌਤੀ ਹੋਵੇਗੀ। ਕਿਉਂਕਿ ਮੈਕਸੀਕੋ ਵਿਚ ਲੰਮੇ ਸਮੇਂ ਤੋਂ ਮਾਫ਼ੀਆ ਦਾ ਰਾਜ ਹੈ। ਮੈਕਸੀਕੋ ਦੁਨੀਆ ਵਿਚ ਮਾਫ਼ੀਆ ਅਤੇ ਹਿੰਸਕ ਅਪਰਾਧਾਂ ਲਈ ਜਾਣਿਆ ਜਾਂਦਾ ਹੈ।

ਰਾਸ਼ਟਰਪਤੀ ਬਣਨ ਤੋਂ ਬਾਅਦ ਸੇਨਬੌਮ ਦੀ ਪਹਿਲੀ ਫੇਰੀ ਅਕਾਪੁਲਕੋ ਦੇ ਸਮੁੰਦਰੀ ਬੀਚਾਂ ਦੀ ਹੋਵੇਗੀ ਜੋ ਹਾਲ ਹੀ ਵਿਚ ਆਏ ਹੜ੍ਹਾਂ ਨਾਲ ਤਬਾਹ ਹੋ ਗਏ ਸਨ। ਉਹ ਦੇਸ਼ ਦੀ ਆਰਥਿਕਤਾ ਦੀਆਂ ਸਮੱਸਿਆਵਾਂ ਨੂੰ ਵੀ ਗੰਭੀਰਤਾ ਨਾਲ ਵੇਖਦੀ ਹੈ।