Punjab
ਬਦਲੇ ਮੌਸਮ ਦੇ ਮਿਜਾਜ਼ ਨਾਲ ਲੋਕਾਂ ਨੂੰ ਮਿਲੀ ਰਾਹਤ ਪਰ ਮੁਸੀਬਤ ‘ਚ ਫਸੇ ਕਿਸਾਨ
ਪੰਜਾਬ ਵਿਚ ਇਕ ਵਾਰ ਫਿਰ ਤੋਂ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ। ਬੀਤੀ ਰਾਤ ਜਿੱਥੇ ਪੰਜਾਬ ਦੇ ਕਈ ਇਲਾਕਿਆਂ ਵਿਚ ਬਾਰਿਸ਼ ਪੈਣ ਨਾਲ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ, ਉਥੇ ਹੀ ਤੇਜ਼ ਹਨ੍ਹੇਰੀ ਤੇ ਝੱਖੜ ਕਾਰਨ ਕਿਸਾਨਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਵੀ ਹੋਇਆ ਹੈ। ਤੂਫ਼ਾਨ ਅਤੇ ਹਨ੍ਹੇਰੀ ਝੱਖੜ ਕਾਰਨ ਖੇਤਾਂ ‘ਚ ਪੱਕੀ ਹੋਈ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਹੇਠਾਂ ਵਿੱਛ ਗਈ, ਜਿਸ ਕਾਰਨ ਫ਼ਸਲ ਦੇ ਝਾੜ ‘ਤੇ ਅਸਰ ਪੈਣਾ ਸੁਭਾਵਿਕ ਹੈ।
ਅਕਤੂਬਰ ਦਾ ਮਹੀਨਾ ਹੋਣ ਦੇ ਬਾਵਜੂਦ ਵੀ ਪੰਜਾਬ ਵਾਸੀਆਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਗਰਮੀ ਦੇ ਮੌਸਮ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਹੇ ਸੀ। ਟਾਂਡਾ ਇਲਾਕੇ ਵਿੱਚ ਬੀਤੀ ਰਾਤ ਬਾਰਿਸ਼ ਅਤੇ ਹਨੇਰੀ ਕਾਰਨ ਝੋਨਾ ਅਤੇ ਹੋਰ ਫ਼ਸਲਾਂ ਖੇਤਾਂ ਵਿੱਚ ਵਿੱਛ ਗਈਆਂ ਹਨ।
ਬੀਤੀ ਰਾਤ ਤੋਂ ਬਦਲਿਆ ਮੌਸਮ ਦਾ ਮਿਜਾਜ਼-
ਦੱਸਣਯੋਗ ਹੈ ਕਿ ਪੰਜਾਬ ਅਤੇ ਚੰਡੀਗੜ੍ਹ ‘ਚ ਮੌਸਮ ਬਦਲ ਗਿਆ ਹੈ। ਇਹ ਸਥਿਤੀ ਪੰਜਾਬ ਅਤੇ ਪਾਕਿਸਤਾਨ ਵਿੱਚ ਵੈਸਟਰਨ ਡਿਸਟਰਬੈਂਸ ਸਰਕੂਲੇਸ਼ਨ ਦੇ ਸਰਗਰਮ ਹੋਣ ਕਾਰਨ ਪੈਦਾ ਹੋਈ ਹੈ। ਇਸ ਕਾਰਨ ਰਾਤ ਸਮੇਂ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਜਿਸ ਨਾਲ ਮੌਸਮ ਠੰਢਾ ਹੋ ਗਿਆ ਹੈ। ਅੱਜ ਵੀ ਕਈ ਇਲਾਕਿਆਂ ‘ਚ ਬੱਦਲ ਛਾਏ ਰਹਿਣਗੇ। ਜਦਕਿ ਮੌਸਮ ਵਿਭਾਗ ਨੇ ਅਜੇ ਤੱਕ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਹ ਅਜੇ ਵੀ ਆਮ ਤਾਪਮਾਨ ਤੋਂ 2.1 ਡਿਗਰੀ ਵੱਧ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 6 ਅਤੇ 7 ਅਕਤੂਬਰ ਨੂੰ ਮੌਸਮ ਸਾਫ਼ ਰਹੇਗਾ। ਇਸ ਤੋਂ ਬਾਅਦ 8 ਤੋਂ ਮੌਸਮ ਬਦਲ ਜਾਵੇਗਾ। ਦੋ ਦਿਨ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਸੂਬੇ ਦੇ ਦੱਖਣ-ਪੱਛਮੀ ਖੇਤਰ ਵਿੱਚ ਆਮ ਨਾਲੋਂ ਵੱਧ ਮੀਂਹ ਪੈ ਸਕਦਾ ਹੈ। ਜਦਕਿ ਬਾਕੀ ਖੇਤਰ ਖੁਸ਼ਕ ਰਹਿਣ ਦੀ ਸੰਭਾਵਨਾ ਹੈ।