Uncategorized
‘ਆਪ’ ਆਗੂ ਦੇ ਕਤਲ ਮਾਮਲਾ: ਇਹ ਗੈਂਗ ਨੇ ਪੋਸਟ ਪਾ ਚੁੱਕੀ ਜ਼ਿੰਮੇਵਾਰੀ, ਪੁਲਿਸ ਨੂੰ ਪਈ ਬਿਪਤਾ!
ਬੀਤੇ ਦਿਨ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪੱਟੀ ਸ਼ਹਿਰ ਦੇ ਪਿੰਡ ਠੱਕਰਪੁਰਾ ਦੀ ਚਰਚ ਨਜ਼ਦੀਕ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਇਕ ਕਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ‘ਆਪ’ ਆਗੂ ਰਾਜਵਿੰਦਰ ਸਿੰਘ ਉਰਫ਼ ਰਾਜ ਤਲਵੰਡੀ ਦੀ ਮੌਕੇ ‘ਤੇ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਸੀ।
ਇਸ ਮਾਮਲੇ ‘ਚ ਇਕ ਬਹੁਤ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ‘ਚ ਇਸ ਹਮਲੇ ਦੀ ਜ਼ਿੰਮੇਵਾਰੀ ਗੋਪੀ ਘਣਸ਼ਾਮਪੁਰੀਆ ਗੈਂਗ ਨੇ ਲਈ ਹੈ। ਉਨ੍ਹਾਂ ਵੱਲੋਂ ਵਾਇਰਲ ਕੀਤੀ ਗਈ, ਇਸ ਪੋਸਟ ਵਿਚ ਲਿਖਿਆ ਹੈ- ”ਜੋ ਰਾਜ ਤਲਵੰਡੀ ਦਾ ਪੱਟੀ ‘ਚ ਕਤਲ ਹੋਇਆ ਹੈ, ਇਸ ਦੀ ਜ਼ਿੰਮੇਵਾਰੀ ਮੈਂ ਦੋਨਾ ਬਲ ਤੇ ਪ੍ਰਭ ਦਾਸੂਵਾਲ ਲੈਂਦੇ ਹਾਂ। ਸਾਡੇ ਭਰਾ ਫ਼ੌਜੀ ਦਾ ਜਦੋਂ ਨੁਕਸਾਨ ਹੋਇਆ ਸੀ ਤਾਂ ਇਸ ਨੇ ਪ੍ਰੀਤ ਹੋਣਾਂ ਨੂੰ ਪਨਾਹ ਦਿੱਤੀ ਸੀ ਤੇ ਉਨ੍ਹਾਂ ਬੰਦਿਆਂ ਦੇ ਹਥਿਆਰ ਸਾਂਭੇ ਸੀ ਤੇ ਲੰਡੇ ਨੂੰ ਉਸ ਦੀ ਰੇਕੀ ਵੀ ਕਰਵਾਈ ਸੀ।”
ਅੱਗੇ ਲਿਖਿਆ ਹੈ, ”ਇਨ੍ਹਾਂ ਨੇ ਸਾਡੇ ਭਰਾ ਫ਼ੌਜੀ ਨਾਲ ਨਾਜਾਇਜ਼ ਕਰਵਾਈ ਸੀ। ਬਾਕੀ ਇਹ ਬਦਲਾ ਆਪਣੇ ਭਰਾ ਫ਼ੌਜੀ ਦਾ ਲਿਆ ਹੈ। ਇਹ ਕੰਮ ਮੇਰੇ ਛੋਟੇ ਭਰਾ ਅਫਰੀਦੀ ਤੂਤਾਂਵਾਲੇ ਨੇ ਕੀਤਾ ਹੈ। ਬਾਕੀ ਜਿਹੜੇ ਭੌਂਕਦੇ ਸਾਡੇ ਬਾਰੇ, ਤਿਆਰ ਉਹ ਵੀ ਰਹਿਣ, ਸਭ ਦਾ ਨੰਬਰ ਲੱਗਣਾ, ਵੇਟ ਐਂਡ ਵਾਚ”
ਜ਼ਿਕਰਯੋਗ ਹੈ ਕਿ ਪਿੰਡ ਤਲਵੰਡੀ ਮੋਹਰ ਸਿੰਘ ਦਾ ਐੱਸ.ਸੀ. ਸਰਪੰਚ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ ਸੀ, ਜੋ ਕਿ ਰਾਜਵਿੰਦਰ ਸਿੰਘ ਦੇ ਧੜੇ ‘ਆਮ ਆਦਮੀ ਪਾਰਟੀ’ ਨਾਲ ਸਬੰਧਤ ਸੀ। ਰਾਜਵਿੰਦਰ ਸਿੰਘ ਬਲਾਕ ਪੱਟੀ ਤੋਂ ਜਦ ਜਿੱਤ ਦੀ ਖੁਸ਼ੀ ‘ਚ ਆਪਣੇ ਸਾਥੀਆਂ ਨਾਲ ਕਾਰ ‘ਚ ਸਵਾਰ ਹੋ ਕੇ ਆਪਣੇ ਪਿੰਡ ਜਾ ਰਿਹਾ ਸੀ ਤਾਂ ਪਿੰਡ ਠੱਕਰਪੁਰਾ ਨਜ਼ਦੀਕ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਕੇ ਰਾਜਵਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਤੇ ਨਾਲ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ‘ਚ ਰਾਜਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ।