Governance
ਲੇਬਰ ਦਾ ਜਾਣਾ -ਸਰਕਾਰ ਦਾ ਫੇਲੀਅਰ , ਲੋਕਾਂ ‘ਤੇ ਪਿਆ ਬੋਝ
ਚੰਡੀਗੜ੍ਹ , 7 ਮਈ , ( ਬਲਜੀਤ ਮਰਵਾਹਾ ) : ਕੋਰੋਨਾ ਦੀ ਮਾਰ ਨੇ ਪੰਜਾਬ ਨੂੰ ਕਈ ਨਵੀਆਂ ਚੁਣੌਤੀਆਂ ਤੇ ਰਾਜਨੀਤਕ ਦਲਾਂ ਨੂੰ ਮੁੱਦੇ ਦੇ ਦਿੱਤੇ ਹਨ । ਭਾਵੇਂ ਆਉਣ ਵਾਲੇ ਕੁਝ ਸਮੇਂ ਤੋਂ ਬਾਅਦ ਕੋਰੋਨਾ ਸੰਕਟ ਤਾ ਪੰਜਾਬ ਤੋਂ ਟੱਲ ਜਾਵੇਗਾ, ਪਰ ਇਸ ਨਾਲ ਸੂਬੇ ਦੇ ਅਰਥ ਚਾਰੇ ਨੂੰ ਢਾਹ ਲੱਗਣੀ ਤੇ ਲੋਕਾਂ ‘ਤੇ ਇਸਦਾ ਬੋਝ ਪੈਣਾ ਸ਼ੁਰੂ ਹੋ ਚੁੱਕਿਆ ਹੈ। ਇਹ ਮਾਰ ਲੇਬਰ ਵਲੋਂ ਪਵੇਗੀ। ਬੀਤੇ ਡੇਢ ਮਹੀਨੇ ਦੌਰਾਨ ਕੰਮ ਤੋਂ ਵਾਂਝੇ ਹੋਏ ਮਜ਼ਦੂਰਾਂ ਨੂੰ ਸਰਕਾਰ ਵੱਲੋ ਪਹਿਲਾਂ ਤਾ ਕਿਵੇਂ ਨਾ ਕਿਵੇਂ ਰਾਸ਼ਨ ਤੇ ਸਰਕਾਰ ਕੋਲ ਦਰਜ ਮਜ਼ਦੂਰਾਂ ਨੂੰ 100 ਰੁਪਏ ਰੋਜ਼ਾਨਾ ਦੀ ਮਦਦ ਦੇ ਦਾਅਵੇ ਕੀਤੇ ਗਏ। ਇਹ ਵਿੱਤੀ ਸਹਾਇਤਾ ਸਿਰਫ 3 ਲੱਖ ਮਜ਼ਦੂਰਾਂ ਤੱਕ ਗਈ ਜਦੋ ਕਿ ਸੂਬੇ ਵਿੱਚ ਇਹਨਾਂ ਦੀ ਗਿਣਤੀ 20 ਲੱਖ ਹੈ ।
ਇੱਥੇ ਦੋ ਤਰਾਂ ਦਾ ਮਜ਼ਦੂਰ ਵਰਗ ਹੈ , ਇਕ ਖੇਤਾਂ ਵਿੱਚ ਕੰਮ ਕਰਨ ਵਾਲਾ ਤੇ ਦੂਜਾ ਆਮ ਮਜ਼ਦੂਰ। ਐਤਕੀ ਕਣਕ ਵਾਢੀ ਵੇਲੇ ਖੇਤਾਂ ਮਜ਼ਦੂਰਾਂ ਦਾ ਇਹ ਹਾਲ ਸੀ ਕਿ ਉਹ ਮਿਲੇ ਨਹੀਂ ਤੇ ਦੂਜੇ ਮਜ਼ਦੂਰਾਂ ਤੋਂ ਫ਼ਸਲ ਦੀ ਕਟਾਈ ਕਰਾਉਣੀ ਪਈ। ਖੇਤਾਂ ਮਜ਼ਦੂਰ ਦਾ ਇਕ ਮਹੀਨੇ ਦਾ ਖਰਚਾ 5 ਹਜ਼ਾਰ ਤੋਂ 10 ਹਜ਼ਾਰ ਤੱਕ ਆ ਗਿਆ।
ਜ੍ਹਿਨਾਂ ਨੇ ਦਿਹਾੜੀ ਉਹਨਾਂ ਨਾਲੋਂ ਵੱਧ ਲਈ ਤੇ ਕੰਮ ਵੀ ਉਹਨਾਂ ਦੀ ਤਰਾਂ ਨਹੀਂ ਹੋਇਆ, ਇਹ ਕਿਸਾਨ ਕਹਿ ਰਹੇ ਹਨ। ਹੁਣ ਸਰਕਾਰ ਨੇ ਨਿਰਮਾਣ ਇਜ਼ਾਜਤ ਦੇ ਦਿੱਤੀ ਹੈ ਤਾ ਇਸ ਵਰਗ ਦੀ ਦਿਹਾੜੀ ਵੀ ਵੱਧ ਗਈ ਹੈ, ਵਜ੍ਹਾ ਲੇਬਰ ਦੀ ਘਾਟ , ਪਹਿਲਾਂ ਮਿਸਤਰੀ ਜਿਸ ਕੰਮ ਦੇ 500 ਰੁਪਏ ਲੈਂਦਾ ਸੀ ਹੁਣ ਉਸ ਦੇ 700 ਰੁਪਏ ਲਏ ਜਾ ਰਹੇ ਹਨ । ਬੀਤੇ ਇੱਕ ਮਹੀਨੇ ਵਿੱਚ 200 ਰੁਪਏ ਵੱਧ ਗਏ ।
ਸਰਕਾਰ ਦਾ ਫੇਲੀਅਰ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਖੁਦ ਉਹਨਾਂ ਵੱਲੋ ਕੇਂਦਰ ਨੂੰ ਚਿੱਠੀ ਲਿਖੀ ਗਈ ਕਿ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਭੇਜਣ ਲਈ ਰੇਲ ਗੱਡੀਆਂ ਚਲਾਈਆਂ ਜਾਣ। ਸੂਬੇ ਵਿੱਚੋ 8 ਲੱਖ ਮਜ਼ਦੂਰ ਘਰ ਵਾਪਸੀ ਲਈ ਨਾਮ ਦਰਜ ਕਰਾ ਚੁਕਿਆ ਹੈ । ਕਿ ਸੂਬਾ ਸਰਕਾਰ ਕੇਂਦਰ ਤੋਂ ਆਰਥਿਕ ਲਾਭ ਲੈਣ ਲਈ ਇਹ ਸਭ ਕਰ ਰਹੀ ਹੈ ਜਾਂ ਵਾਕਈ ਹੀ ਪੰਜਾਬ ਕੋਲ ਪੈਸੇ ਨਹੀਂ ਹਨ। ਜਾਂ ਇਸਦੇ ਪਿੱਛੇ ਵੀ ਕੋਈ ਰਾਜਨੀਤਕ ਸ਼ਤਰੰਜ ਦੀ ਬਿਸਾਤ ਹੈ , ਇਹ ਖੁਲਾਸੇ ਹੋਲੀ ਹੋਲੀ ਹੋ ਹੀ ਜਾਣੇ ਹਨ ।