National
DRDO ਨੇ ਲੈਂਡ ਅਟੈਕ ਕਰੂਜ਼ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ, ਇਕ ਨਜ਼ਰ ਇਸ ਦੀ ਖਾਸੀਅਤ

ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪਹਿਲੀ ਵਾਰ ਮੋਬਾਈਲ ਆਰਟੀਕੁਲੇਟਿਡ ਲਾਂਚਰ ਤੋਂ ਲੰਬੀ ਰੇਂਜ ਵਾਲੀ ਲੈਂਡ ਅਟੈਕ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ। ਇਹ ਪ੍ਰੀਖਣ 12 ਨਵੰਬਰ 2024 ਨੂੰ ਓਡਿਸ਼ਾ ਦੇ ਚਾਂਦੀਪੁਰ ਕੇਂਦਰ ’ਚ ਕੀਤਾ ਗਿਆ। ਕਰੂਜ਼ ਮਿਜ਼ਾਈਲ ਦੇ ਪ੍ਰੀਖਣ ਦੌਰਾਨ ਸਾਰੀਆਂ ਉਪ-ਪ੍ਰਣਾਲੀਆਂ ਨੇ ਉਮੀਦ ਮੁਤਾਬਕ ਕੰਮ ਕੀਤਾ ਤੇ ਮਿਜ਼ਾਈਲ ਆਪਣੇ ਨਿਸ਼ਾਨੇ ’ਤੇ ਪਹੁੰਚਣ ’ਚ ਸਫ਼ਲ ਰਹੀ।
ਇਹ ਇਕ ਐਂਟੀ-ਸ਼ਿਪ ਬੈਲਿਸਟਿਕ ਕਰੂਜ਼ ਮਿਜ਼ਾਈਲ ਹੈ, ਜੋ 1000 ਕਿਲੋਮੀਟਰ ਤਕ ਮਾਰ ਕਰ ਸਕਦੀ ਹੈ। ਇਸ ਦਾ ਭਾਵ ਇਹ ਹੈ ਕਿ ਇਹ ਮਿਜ਼ਾਈਲ 1000 ਕਿਲੋਮੀਟਰ ਦੀ ਦੂਰੀ ਤੱਕ ਜੰਗੀ ਜਹਾਜ਼ਾਂ ਜਾਂ ਏਅਰਕ੍ਰਾਫਟ ਕੈਰੀਅਰਜ਼ ਨੂੰ ਡੇਗਣ ਦੇ ਸਮਰੱਥ ਹੈ। ਇਸ ਮਿਜ਼ਾਈਲ ਨਾਲ ਹਿੰਦ ਮਹਾਸਾਗਰ ਤੋਂ ਅਰਬ ਸਾਗਰ ਅਤੇ ਚੀਨ ਤੋਂ ਲੈ ਕੇ ਪਾਕਿਸਤਾਨ ਤੱਕ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਸੂਤਰਾਂ ਨੇ ਦੱਸਿਆ ਕਿ ਜਹਾਜ਼ ਵਿਰੋਧੀ ਬੈਲਿਸਟਿਕ ਮਿਜ਼ਾਈਲ ਨੂੰ ਜੰਗੀ ਜਹਾਜ਼ਾਂ ਅਤੇ ਸਮੁੰਦਰੀ ਕੰਢੇ ਦੋਵਾਂ ਥਾਂਵਾਂ ਤੋਂ ਲਾਂਚ ਕੀਤਾ ਜਾ ਸਕਦਾ ਹੈ। ਇਹ ਮਿਜ਼ਾਈਲ ਪ੍ਰਣਾਲੀ ਭਾਰਤੀ ਸਮੁੰਦਰੀ ਫੌਜ ਲਈ ਵਿਕਸਤ ਕੀਤੀ ਜਾ ਰਹੀ ਹੈ । ਇਹ ਦੁਸ਼ਮਣ ਦੇ ਜਹਾਜ਼ਾਂ ਨੂੰ ਲੰਬੀ ਰੇਂਜ ਤੋਂ ਨਿਸ਼ਾਨਾ ਬਣਾਉਣ ਦੀ ਸਮਰੱਥਾ ਦੇਵੇਗੀ।
ਸਰਕਾਰ ਨੇ ਉੱਤਰੀ ਸਰਹੱਦਾਂ ’ਤੇ ਭਾਰਤੀ ਫੌਜ ਲਈ ‘ਆਲ-ਟੇਰੇਨ ਵ੍ਹੀਕਲਜ਼’ (ਏ. ਟੀ. ਵੀ.) ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਖਰੀਦ ਪ੍ਰਕਿਰਿਆ ਲਈ ਮੰਗਲਵਾਰ ਸੂਚਨਾ ਲਈ ਬੇਨਤੀ (ਆਰ. ਐੱਫ. ਆਈ.) ਜਾਰੀ ਕੀਤੀ ਗਈ ਸੀ। ਏ. ਟੀ. ਵੀ. ਅਜਿਹਾ ਵ੍ਹੀਕਲ ਹੈ ਜੋ ਕਿਸੇ ਵੀ ਤਰ੍ਹਾਂ ਦੀ ਜ਼ਮੀਨ ’ਤੇ ਜਾ ਸਕਦਾ ਹੈ। ਆਰ. ਐੱਫ. ਆਈ. ਅਨੁਸਾਰ ਇਹ ਵ੍ਹੀਕਲ ਫੌਜ ਦੀਆਂ ਪੈਦਲ ਟੁੱਕੜੀਆਂ ਨੂੰ ਨਿਗਰਾਨੀ ਲਈ ਦੇਸ਼ ’ਚ ਆਉਣ ਜਾਣ , ਹਥਿਆਰਾਂ ਦੀ ਵਰਤੋਂ ਅਤੇ ਆਪਰੇਸ਼ਨਾਂ ’ਚ ਰਸਦ ਸਪਲਾਈ ਕਰਨ ਲਈ ਮਦਦ ਪ੍ਰਦਾਨ ਕਰੇਗਾ। ਇਹ ਵ੍ਹੀਕਲ ਉਨ੍ਹਾਂ ਖੇਤਰਾਂ ’ਚ ਤੇਜ਼ੀ ਨਾਲ ਜਾ ਸਕੇਗਾ ਜਿੱਥੇ ਕੱਚੀਆਂ ਸੜਕਾਂ ਹਨ ਜਾਂ ਸੜਕਾਂ ਬਿਲਕੁਲ ਨਹੀਂ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲੀ ਉਡਾਣ ਦੇ ਸਫਲ ਪ੍ਰੀਖਣ ਲਈ ਡੀਆਰਡੀਓ, ਹਥਿਆਰਬੰਦ ਬਲਾਂ ਅਤੇ ਉਦਯੋਗ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਭਵਿੱਖ ਵਿੱਚ ਸਵਦੇਸ਼ੀ ਕਰੂਜ਼ ਮਿਜ਼ਾਈਲ ਵਿਕਾਸ ਪ੍ਰੋਗਰਾਮਾਂ ਲਈ ਰਾਹ ਪੱਧਰਾ ਹੋਵੇਗਾ।