Punjab
ਪੰਜਾਬ ‘ਚ ਸੰਘਣੀ ਧੁੰਦ ਤੇ ਠੰਡ ਨੇ ਦਿੱਤੀ ਦਸਤਕ
ਤਕਰੀਬਨ ਨਵੰਬਰ ਮਹੀਨਾ ਅੱਧਾ ਬੀਤ ਜਾਣ ਦੇ ਬਾਵਜੂਦ ਵੀ ਠੰਡ ਦਾ ਕੋਈ ਜ਼ਿਆਦਾ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਸੀ ਪਰ ਬੀਤੇ ਦਿਨ ਜੰਮੂ ਕਸ਼ਮੀਰ ਵਿੱਚ ਹੋਈ ਮੌਸਮ ਦੀ ਪਹਿਲੀ ਬਰਫ਼ਬਾਰੀ ਕਾਰਨ ਹੁਣ ਠੰਡ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਅੱਜ ਪੰਜਾਬ ਭਰ ਵਿੱਚ ਸਵੇਰੇ ਹੀ ਸੰਘਣੀ ਧੁੰਦ ਛਾਈ ਅਤੇ ਕਾਫੀ ਠੰਡ ਵੀ ਮਹਿਸੂਸ ਕੀਤੀ ਗਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਮੱਠੀ-ਮੱਠੀ ਠੰਡ ਅਤੇ ਧੁੰਦ ਸੀ। ਦੂਜੇ ਪਾਸੇ ਕੱਤਕ ਮਹੀਨਾ ਤਕਰੀਬਨ ਖ਼ਤਮ ਹੋਣ ਦੇ ਲਾਗੇ ਹੈ ਅੱਧੇ 16 ਨਵੰਬਰ ਨੂੰ ਸੰਗਰਾਂਦ ਉਪਰੰਤ ਦੇਸੀ ਮਘਰ ਮਹੀਨੇ ਦੀ ਆਰੰਭਤਾ ਹੋ ਜਾਵੇਗੀ ਜੋਕਿ ਕੜਾਕੇ ਦੀ ਠੰਡ ਦੇ ਮਹੀਨੇ ਮੰਨੇ ਜਾਂਦੇ ਹਨ।
ਪੰਜਾਬ ਦੇ ਹੋਰਨਾਂ ਹਿੱਸਿਆਂ ਵਾਂਗ ਟਾਂਡਾ ਇਲਾਕੇ ਵਿੱਚ ਅੱਜ ਤੜਕਸਾਰ ਪਈ ਸੰਘਣੀ ਧੁੰਦ ਦੇ ਚਲਦਿਆਂ ਜਿੱਥੇ ਵਿਜੀਬਿਲਟੀ ਜ਼ੀਰੋ ਹੋ ਗਈ। ਸੰਘਣੀ ਧੁੰਦ ਕਾਰਨ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ, ਟਾਂਡਾ-ਹੁਸ਼ਿਆਰਪੁਰ ਰਾਜ ਮਾਰਗ, ਟਾਂਡਾ-ਸ਼੍ਰੀ ਹਰਗੋਬਿੰਦਪੁਰ ਮਾਰਗ ‘ਤੇ ਚੱਲ ਰਹੇ ਵਾਹਨ ਬਿਲਕੁਲ ਮੱਠੀ ਰਫ਼ਤਾਰ ਵਿਚ ਚਲਦੇ ਦਿਸੇ। ਧੁੰਦ ਅਤੇ ਠੰਡ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਵੀ ਕੜਾਕੇ ਦੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਵੱਲੋਂ 15 ਨਵੰਬਰ ਤਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਕਾਰਨ ਵਿਜ਼ੀਬਲਿਟੀ ਘੱਟ ਹੋਣ ਕਾਰਨ ਸੜਕੀ ਅਤੇ ਹਵਾਈ ਆਵਾਜਾਈ ‘ਤੇ ਅਸਰ ਪੈ ਸਕਦਾ ਹੈ।