Punjab
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਸਾਹਮਣੇ ਆਈਆਂ ਤਸਵੀਰਾਂ
ਪੰਜਾਬੀ ਗਾਇਕ ਅਤੇ ਅਦਾਕਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀਆਂ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ।
ਮੁੱਖ ਮੰਤਰੀ ਮਾਨ ਨੇ ਆਪਣੇ ‘ਐਕਸ’ ਹੈਂਡਲ ‘ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਪੰਜਾਬੀ ਬੋਲੀ ਤੇ ਗਾਇਕੀ ਨੂੰ ਸਰਹੱਦਾਂ ਤੋਂ ਉੱਪਰ ਉਠਾਉਣ ਵਾਲੇ ਛੋਟੇ ਵੀਰ ਦਿਲਜੀਤ ਦੋਸਾਂਝ ਨੂੰ ਮਿਲ ਕੇ ਅੱਜ ਬਹੁਤ ਖ਼ੁਸ਼ੀ ਤੇ ਸਕੂਨ ਮਿਲਿਆ। ਪਰਮਾਤਮਾ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਦੇ ਪ੍ਰਤੀਨਿਧੀਆਂ ਤੇ ਪਹਿਰੇਦਾਰਾਂ ਨੂੰ ਹਮੇਸ਼ਾ ਚੜ੍ਹਦੀਕਲਾ ‘ਚ ਰੱਖੇ। ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ, ‘ਪੰਜਾਬੀ ਆ ਗਏ ਓਏ, ਛਾ ਗਏ ਓਏ!’
ਦੱਸ ਦਈਏ ਕਿ 14 ਦਸੰਬਰ ਨੂੰ ਚੰਡੀਗੜ੍ਹ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਸੰਗੀਤਕ ਸਮਾਗਮ ਸੈਕਟਰ-34 ‘ਚ ਹੋਵੇਗਾ। ਭਾਰੀ ਵਿਰੋਧ ਅਤੇ ਟ੍ਰੈਫਿਕ ਵਿਵਸਥਾ ‘ਤੇ ਉੱਠ ਰਹੇ ਸਵਾਲਾਂ ਦੇ ਮੱਦੇਨਜ਼ਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਦਿਲਜੀਤ 14 ਦਸੰਬਰ ਨੂੰ ਚੰਡੀਗੜ੍ਹ ‘ਚ ਇੱਕ ਕੰਸਰਟ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪ੍ਰੋਗਰਾਮ ਲਈ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ।
ਦੱਸਣਯੋਗ ਹੈ ਕਿ ਤੇਲੰਗਾਨਾ ਤੋਂ ਬਾਅਦ ਹੁਣ ਚੰਡੀਗੜ੍ਹ ‘ਚ ਵੀ ਦਿਲਜੀਤ ਸ਼ਰਾਬ ਜਾਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਹੀਂ ਗਾ ਸਕਣਗੇ। ਇੰਨਾ ਹੀ ਨਹੀਂ ਇਸ ਵਾਰ ਐਡਵਾਈਜ਼ਰੀ ‘ਚ ਕੁਝ ਹੋਰ ਚੀਜ਼ਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।ਕੰਸਰਟ ਨਾਲ ਜੁੜੇ ਨਿਯਮਾਂ ‘ਚ ਲਿਖਿਆ ਗਿਆ ਸੀ ਕਿ ਦਿਲਜੀਤ ਆਪਣੇ ਚੰਡੀਗੜ੍ਹ ਈਵੈਂਟ ‘ਚ ਪਟਿਆਲਾ ਪੈਗ, ਪੰਜ ਤਾਰਾ ਠੇਕੇ ਅਤੇ ਕੇਸ ਵਰਗੇ ਗਾਣੇ ਤੋੜ-ਮਰੋੜ ਕੇ ਨਹੀਂ ਗਾ ਸਕਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹੈਦਰਾਬਾਦ ਅਤੇ ਮੁੰਬਈ ‘ਚ ਆਯੋਜਿਤ ਡਿਲੂਮਿਨੀਟੀ ਟੂਰ ‘ਚ ਉਨ੍ਹਾਂ ਨੇ ਪਾਬੰਦੀਸ਼ੁਦਾ ਗੀਤਾਂ ਨੂੰ ਤੋੜ-ਮਰੋੜ ਕੇ ਗਾਇਆ ਸੀ।ਐਡਵਾਈਜ਼ਰੀ ‘ਚ ਸਪੱਸ਼ਟ ਲਿਖਿਆ ਗਿਆ ਹੈ ਕਿ ਅਜਿਹੇ ਗੀਤ ਸੰਵੇਦਨਸ਼ੀਲ ਉਮਰ ਦੇ ਬੱਚਿਆਂ ਨੂੰ ਭਾਵਨਾਤਮਕ ਤੌਰ ‘ਤੇ ਪ੍ਰਭਾਵਿਤ ਕਰਦੇ ਹਨ।