Connect with us

National

ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਪ੍ਰਣਾਮ : 14 ਫਰਵਰੀ ਨੂੰ ਜਵਾਨਾਂ ਨਾਲ ਵਾਪਰੀ ਦਾਸਤਾਨ ਸੁਣ ਕੰਬ ਜਾਵੇਗੀ ਰੂਹ

Published

on

ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਪੁਲਵਾਮਾ ਹਮਲੇ ਨੂੰ ਭਾਵੇਂ ਅੱਜ 6 ਸਾਲ ਬੀਤ ਚੁੱਕੇ ਨੇ ਪਰ ਇਹ ਹਮਲਾ ਅੱਜ ਵੀ ਲੋਕਾਂ ਦੇ ਦਿਲਾਂ ‘ਚ ਤਾਜ਼ਾ ਹੈ। 14 ਫਰਵਰੀ ਦਾ ਦਿਨ ਭਾਵੇਂ ਹੀ ਕਈ ਲੋਕਾਂ ਲਈ ਵੈਲੇਨਟਾਈਨ ਡੇਅ ਮਨਾਉਣ ਦਾ ਦਿਨ ਹੋਵੇ ਪਰ ਇਹ ਦਿਨ ਇਤਿਹਾਸ ’ਚ ਜੰਮੂ-ਕਸ਼ਮੀਰ ਦੀ ਸਭ ਤੋਂ ਦੁਖ਼ਦ ਘਟਨਾ ਦੀ ਯਾਦ ਦਿਵਾਉਂਦਾ ਹੈ। ਸਾਲ 2019 ’ਚ 14 ਫਰਵਰੀ ਵਾਲੇ ਦਿਨ ਹੀ ਅੱਤਵਾਦੀਆਂ ਨੇ ਇਸ ਦਿਨ ਨੂੰ ਦੇਸ਼ ਦੇ ਸੁਰੱਖਿਆ ਕਰਮੀਆਂ ’ਤੇ ਕਾਇਰਤਾਪੂਰਨ ਹਮਲੇ ਲਈ ਚੁਣਿਆ। ਇਸ ਘਟਨਾ ਨੂੰ ਯਾਦ ਕਰ ਕੇ ਅੱਜ ਵੀ ਲੂ-ਕੰਢੇ ਖੜ੍ਹੇ ਹੋ ਜਾਂਦੇ ਹਨ। ਅੱਜ ਦੇ ਦਿਨ ਦੁਪਹਿਰ ਦੇ ਸਾਢੇ ਤਿੰਨ ਵਜੇ ਦੇ ਕਰੀਬ ਜੰਮੂ-ਕਸ਼ਮੀਰ ਦੇ ਨੈਸ਼ਨਲ ਹਾਈਵੇਅ ‘ਤੇ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੇ ਵਿਸਫੋਟਕ ਨਾਲ ਭਰੀ ਗੱਡੀ ਨਾਲ ਸੀ.ਆਰ.ਪੀ.ਐੱਫ ਦੇ ਕਾਫਲੇ ਦੀ ਬੱਸ ਨੂੰ ਟੱਕਰ ਮਾਰ ਦਿੱਤੀ ਸੀ। ਧਮਾਕਾ ਇੰਨਾ ਭਿਆਨਕ ਸੀ ਕਿ ਜਵਾਨਾਂ ਦੇ ਚਿੱਥੜੇ ਤੱਕ ਉੱਡ ਗਏ ਅਤੇ ਸੜਕ ‘ਤੇ ਦੂਰ-ਦੂਰ ਤੱਕ ਖਿਲਰ ਗਏ। ਇਸ ਹਮਲੇ ‘ਚ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।

ਕਦੇ ਨਹੀਂ ਭੁੱਲਦਾ 14 ਫਰਵਰੀ 2019 ਦਾ ਦਿਨ
ਤਬਾਹੀ ਦਾ ਮੰਜ਼ਰ ਬਣਿਆ ਇਹ ਅੱਤਵਾਦੀ ਹਮਲਾ ਜਿਸ ਗੱਡੀ ਰਾਹੀਂ ਕੀਤਾ ਗਿਆ, ਉਸ ‘ਚ 350 ਕਿਲੋ ਤੋਂ ਵੱਧ ਧਮਾਕਾਖੇਜ਼ ਸਮੱਗਰੀ ਦੱਸੀ ਗਈ ਸੀ। ਦੱਸਿਆ ਜਾਂਦਾ ਹੈ ਕਿ ਪੁਲਵਾਮਾ ’ਚ ਸੀ. ਆਰ. ਪੀ. ਐੱਫ. ਜਵਾਨਾਂ ਨਾਲ ਭਰੀ ਬੱਸ ਜਾ ਰਹੀ ਸੀ ਜਿਸ ਵਿੱਚ ਇਸ ਵਿਸਫੋਟਕ ਨਾਲ ਭਰੀ ਗੱਡੀ ਸਿੱਧੀ ਜਾ ਟਕਰਾਈ ਅਤੇ ਜ਼ੋਰਦਾਰ ਧਮਾਕਾ ਹੋਇਆ। ਇਸ ਭਿਆਨਕ ਧਮਾਕੇ ਦੀ ਆਵਾਜ਼ 5 ਕਿਲੋਮੀਟਰ ਦੇ ਘੇਰੇ ‘ਚ ਸੁਣਾਈ ਦਿੱਤੀ, ਆਹਮਣੇ-ਸਾਹਮਣੇ ਦੀ ਟੱਕਰ ਹੋਣ ਤੋਂ ਪਹਿਲਾਂ ਤਾਂ ਕਿਸੇ ਨੂੰ ਕੁਝ ਸਮਝ ਨਹੀਂ ਆਇਆ। ਧਮਾਕੇ ਦਾ ਕਾਲਾ ਧੂੰਆਂ ਆਲੇ-ਦੁਆਲੇ ਇੰਨਾ ਕੁ ਜ਼ਿਆਦਾ ਭਰ ਗਿਆ ਕਿ ਕੁਝ ਨਜ਼ਰ ਨਹੀਂ ਆ ਰਿਹਾ ਸੀ। ਧੂੰਆਂ ਹਟਿਆ ਤਾਂ ਸੜਕ ’ਤੇ ਸਾਡੇ ਦੇਸ਼ ਦੇ ਵੀਰ ਜਵਾਨਾਂ ਦੇ ਮ੍ਰਿਤਕ ਸਰੀਰ ਪਏ ਸਨ। ਜਵਾਨਾਂ ਦੇ ਚਿੱਥੜੇ ਕਈ ਕਿਲੋਮੀਟਰ ਤੱਕ ਖਿੱਲਰ ਗਏ ਅਤੇ ਸੜਕ ਲਹੂ ਨਾਲ ਲਾਲ ਹੋ ਗਈ। ਮੀਡੀਆ ਵਿਚ ਇਸ ਹਮਲੇ ਦੀਆਂ ਤਸਵੀਰਾਂ ਜਦੋਂ ਸਾਹਮਣੇ ਆਈਆਂ ਤਾਂ ਪੂਰਾ ਦੇਸ਼ ਹਿੱਲ ਗਿਆ।


ਕੌਣ ਸੀ ਇਸ ਹਮਲੇ ਦਾ ਜ਼ਿੰਮੇਵਾਰ?
ਇਸ ਹਮਲੇ ਦਾ ਜ਼ਿੰਮੇਵਾਰ ਮਹਿਜ 20 ਸਾਲਾ ਮੁੰਡਾ, ਜਿਸ ਦਾ ਨਾਂ ਆਦਿਲ ਅਹਿਮਦ ਡਾਰ ਸੀ। ਆਦਿਲ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ, ਉਸ ਨੇ ਵਿਸਫੋਟਕ ਨਾਲ ਭਰੀ ਗੱਡੀ ਨੂੰ ਜਵਾਨਾਂ ਦੀ ਬੱਸ ਨਾਲ ਟੱਕਰ ਮਾਰੀ ਸੀ। ਦੱਸਣਯੋਗ ਹੈ ਕਿ ਆਦਿਲ ਅਹਿਮਦ ਡਾਰ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ‘ਚ ਸ਼ਾਮਲ ਸੀ।

ਕੀ ਬੀਤੀ ਸੀ ਸ਼ਹੀਦਾਂ ਦੇ ਪਰਿਵਾਰਾਂ ‘ਤੇ?
ਦੂਜੇ ਪਾਸੇ ਰਾਜੀ ਖੁਸ਼ੀ ਪੁੱਤਾਂ ਨੂੰ ਸਰਹੱਦਾਂ ਤੇ ਤੋਰਨ ਵਾਲੀਆਂ ਮਾਵਾਂ ਤੇ ਕੀ ਬੀਤੀ ਹੋਣੀ ਇਹ ਤਾਂ ਉਹੀ ਜਾਣਦੀਆਂ ਨੇ, ਜੋ ਪੁੱਤਾਂ ਦੀ ਉਡੀਕ ‘ਚ ਦੁਬਾਰਾ ਮਿਲਣ ਦੀ ਤਾਂਘ ਦਿਲ ‘ਚ ਹੀ ਲਕੋਈ ਬੈਠੀਆਂ ਨੇ… ਪਰ ਇਹ ਨਹੀਂ ਪਤਾ ਸੀ ਕਿ ਦੁਬਾਰਾ ਪੁੱਤਾਂ ਨਾਲ ਮੇਲ ਤਾਂ ਹੋਵੇਗਾ ਪਰ ਉਨ੍ਹਾਂ ਨੂੰ ਘੁੱਟ ਕੇ ਸੀਨੇ ਨਹੀਂ ਲਾ ਸਕਣਗੀਆਂ ਅਤੇ ਨਾ ਹੀ ਗਲਵੱਕੜੀ ਪਾ ਸਕਣਗੀਆਂ। ਸ਼ਹੀਦ ਜਵਾਨਾਂ ‘ਚੋਂ ਕਿਸੇ ਦੇ ਘੋੜੀ ਚੜ੍ਹਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਭੈਣਾਂ ਦੇ ਦਿਲਾਂ ‘ਚ ਵੀਰ ਦੇ ਸਿਰ ਸਿਹਰਾ ਸਜਾਉਣ ਦਾ ਸੁਪਨਾ ਤੇ ਪਤਨੀ ਨਾਲ ਕੀਤੇ ਵਾਅਦੇ ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨਾਂ ਲਈ ਵਾਅਦੇ ਹੀ ਬਣ ਕੇ ਰਹਿ ਗਏ, ਸਾਰੇ ਚਾਅ ਤੇ ਮਲਾਰ ਧਰੇ ਧਰਾਏ ਰਹਿ ਗਏ, ਜਵਾਨ ਆਪਣੇ ਘਰੇ ਤਾਂ ਪਰਤੇ ਸਨ ਪਰ ਸ਼ਹਾਦਤ ਦਾ ਜਾਮ ਪੀ ਕੇ ਤਾਬੂਤ ‘ਚ ਬੰਦ ਹੋ ਕੇ, ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ।