Connect with us

Punjab

ਹੋਲਾ-ਮਹੱਲਾ ਮੌਕੇ ਸੰਗਤ ਲਈ ਪ੍ਰਬੰਧਾਂ ‘ਚ ਜੁਟਿਆ ਪ੍ਰਸ਼ਾਸਨ, ਮਿਲਣਗੀਆਂ ਇਹ ਸਹੂਲਤਾਂ

Published

on

ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿੱਚ 13 ਤੋ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਦੇ ਲਈ ਪ੍ਰਸਾਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਐਡਵੈਂਚਰ ਸਪੋਰਟਸ, ਵਿਰਾਸਤੀ ਖੇਡਾਂ, ਕਰਾਫਟ ਮੇਲਾ ਸੰਗਤਾਂ ਲਈ ਆਕਰਸ਼ਣ ਦੇ ਕੇਂਦਰ ਹੋਣਗੇ।

ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਭਾਸ਼ਾ ਤੇ ਉਚੇਰੀ ਸਿੱਖਿਆ, ਸਕੂਲ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਿਲ੍ਹਾ ਅਧਿਕਾਰੀਆਂ ਨਾਲ ਹੋਲਾ ਮਹੱਲਾ ਪ੍ਰਬੰਧਾ ਸਬੰਧੀ ਰੱਖੀ ਇੱਕ ਵਿਸੇਸ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਨੂੰ ਕੀਰਤਪੁਰ ਸਾਹਿਬ ਵਿੱਚ ਦੋ ਸੈਕਟਰਾਂ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ 11 ਸੈਕਟਰਾਂ ਵਿਚ ਵੰਡਿਆ ਜਾਵੇਗਾ, ਹਰ ਸੈਕਟਰ ਵਿੱਚ ਇੱਕ ਸਬ ਕੰਟਰੋਲ ਰੂਮ ਹੋਵੇਗਾ, ਜਿੱਥੇ ਪੁਲਿਸ ਅਤੇ ਸਿਵਲ ਅਧਿਕਾਰੀ ਇੰਚਾਰਜ ਹੋਣਗੇ, ਹਰ ਸੈਕਟਰ ਵਿਚ ਸਿਹਤ ਸਹੂਲਤਾਂ ਲਈ ਮੈਡੀਕਲ ਡਿਸਪੈਂਸਰੀ ਬਣਾਈ ਜਾਵੇਗੀ, ਜਿੱਥੇ 22 ਐਮਬੂਲੈਂਸ ਤੈਨਾਂਤ ਹੋਣਗੀਆਂ। ਉਨ੍ਹਾਂ ਨੇ ਦੱਸਿਆ ਕਿ 24/7 ਸਟਰੀਟ ਲਾਈਟ, ਪੀਣ ਵਾਲਾ ਪਾਣੀ, ਪਖਾਨੇ, ਪਾਰਕਿੰਗ, 75 ਸਟਲ ਬੱਸ ਸਰਵਿਸ ਤੇ 100 ਈ ਰਿਕਸ਼ਾ ਦੀ ਸਹੂਲਤ ਦੇ ਪ੍ਰਬੰਧ ਕੀਤੇ ਗਏ ਹਨ। ਮੇਨ ਕੰਟਰੋਲ ਰੂਮ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਹੋਲਾ ਮਹੱਲਾ ਦੌਰਾਨ 6 ਐਲਈਡੀ ਸਕਰੀਨ ਸਥਾਪਿਤ ਕੀਤੀਆ ਜਾਣਗੀਆਂ, ਜਿੱਥੇ ਮੇਲਾ ਖੇਤਰ ਬਾਰੇ ਸਮੁੱਚੀ ਜਾਣਕਾਰੀ ਅਤੇ ਆਲੇ ਦੁਆਲੇ ਦੇ ਗੁਰਧਾਮਾਂ ਤੇ ਹੋਰ ਪ੍ਰਮੁੱਖ ਸਥਾਨਾਂ ਬਾਰੇ ਸਮੇਂ ਸਮੇਂ ਤੇ ਜਾਣਕਾਰੀ ਦਿੱਤੀ ਜਾਵੇਗੀ। ਲੋਸਟ ਐਂਡ ਫਾਊਡ ਤੇ ਹੈਲਪ ਡੈਸਕ ਵੀ ਸਥਾਪਿਤ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਸੁਚਾਰੂ ਟ੍ਰੈਫਿਕ ਵਿਵਸਥਾ ਦਾ ਪ੍ਰਬੰਧ ਕੀਤਾ ਗਿਆ ਹੈ ਬਾਹਰਲੇ ਰਾਜਾਂ ਜਾ ਹੋਰ ਆਉਣ ਜਾਣ ਵਾਲੇ ਲੋਕਾਂ ਲਈ ਰੂਟ ਡਾਈਵਰਜਨ ਕਰਕੇ ਮੇਲਾ ਖੇਤਰ ਵਿਚ ਟ੍ਰੈਫਿਕ ਦਾ ਦਬਾਅ ਘਟਾਇਆ ਜਾਵੇਗਾ। ਉਨ੍ਹਾਂ ਨੇ ਹੋਰ ਦੱਸਿਆ ਕਿ ਨਗਰ ਕੋਂਸਲ ਵੱਲੋਂ ਸਫਾਈ ਫੋਗਿੰਗ ਦੇ ਦਵਾਈ ਦੇ ਛਿੜਕਾਅ ਦੀ ਵਿਵਸਥਾ ਕੀਤੀ ਗਈ ਹੈ, ਸੜਕਾਂ ਦੀ ਮੁਰੰਮਤ ਦਾ ਕੰਮ ਨਿਰੰਤਰ ਚੱਲ ਰਿਹਾ ਹੈ, ਸ਼ਹਿਰ ਦੀਆਂ ਪ੍ਰਮੁੱਖ ਸਰਕਾਰੀ ਇਮਾਰਤਾ ਨੂੰ ਐਲਈਡੀ ਲਾਈਟਾਂ ਨਾਲ ਰੁਸ਼ਨਾਇਆ ਗਿਆ ਹੈ। ਫੁੱਟਪਾਥ ਤੇ ਸੜਕਾਂ ਦੇ ਆਲੇ ਦੁਆਲੇ ਦੇ ਰੁੱਖਾਂ ਦੇ ਤਣੇ ਸਫੇਦ ਰੰਗ ਵਿਚ ਰੰਗ ਕੇ ਸਮੁੱਚੇ ਹੋਲਾ ਮਹੱਲਾ ਖੇਤਰ ਨੂੰ ਸੁੰਦਰ ਤੇ ਆਕਰਸ਼ਿਤ ਬਣਾਇਆ ਗਿਆ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਮੇਲਾ ਖੇਤਰ ਵਿਚ ਆਉਣ ਵਾਲੇ ਸ਼ਰਧਾਲੂਆਂ ਤੇ ਸੰਗਤਾਂ ਨੂੰ ਇਸ ਖੇਤਰ ਦੇ ਧਾਰਮਿਕ ਅਸਥਾਨਾਂ ਤੇ ਹੋਰ ਪ੍ਰਮੁੱਖ ਥਾਵਾਂ ਦੀ ਜਾਣਕਾਰੀ ਦੇਣ ਲਈ ਸੜਕਾ ਦੇ ਆਲੇ ਦੁਆਲੇ ਹੋਰਡਿੰਗਜ਼ ਲਗਾਏ ਜਾਣਗੇ।

ਹਰਜੋਤ ਬੈਂਸ ਨੇ ਸੁਰੱਖਿਆ ਪ੍ਰਬੰਧਾਂ ਬਾਰੇ ਕਿਹਾ ਕਿ 142 ਸੀਸੀਟੀਵੀ ਕੈਮਰੇ ਸਮੁੱਚੇ ਮੇਲਾ ਖੇਤਰ ਤੇ ਨਜ਼ਰ ਰੱਖਣਗੇ, 40 ਡੀ.ਐਸ.ਪੀ ਸਮੇਤ ਕੁੱਲ 4500 ਪੁਲਿਸ ਅਧਿਕਾਰੀ/ਕਰਮਚਾਰੀ ਹੋਲਾ ਮਹੱਲਾ ਵਿਚ ਤੈਨਾਤ ਹੋਣਗੇ। ਮੇਲਾ ਖੇਤਰ ਵਿਚ ਪਾਬੰਦੀਆਂ ਲਗਾ ਕੇ ਗੈਰ ਜਰੂਰੀ ਵਸਤਾਂ ਦੀ ਵਿਕਰੀ ਅਤੇ ਵਰਤੋ ਤੇ ਰੋਕ ਲਗਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ 11 ਵਾਚ ਟਾਵਰ ਲਗਾਏ ਗਏ ਹਨ, ਮੋਬਾਇਲ ਨੈਟਵਰਕ ਨੂੰ ਸੁਚਾਰੂ ਰੱਖਣ ਲਈ 11 ਵਾਈਫਾਈ ਕੁਨੈਕਸ਼ਨ, 5 ਵਾਧੂ ਮੋਬਾਇਲ ਟਾਵਰ ਸਥਾਪਿਤ ਕੀਤੇ ਜਾ ਰਹੇ ਹਨ। ਇਸ ਤੋ ਇਲਾਵਾ ਸਮੁੱਚਾ ਪ੍ਰਸਾਸ਼ਨ ਦਿਨ ਰਾਤ ਹੋਲਾ ਮਹੱਲਾ ਪ੍ਰਬੰਧਾਂ ਵਿੱਚ ਲੱਗਿਆ ਹੋਇਆ ਹੈ, 6 ਮਾਰਚ ਨੂੰ ਇੱਕ ਰਵਿਊ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਸਾਰੀਆਂ ਤਿਆਰੀਆ ਦਾ ਜਾਇਜਾ ਲਿਆ ਜਾਵੇਗਾ।