News
ਗੁੱਸੇ ਦਾ ਜਵਾਬ ਸ਼ਾਂਤੀ ਨਾਲ ਕਿਵੇਂ ਦੇਈਏ ?

ਗੁੱਸੇ ਦਾ ਜਵਾਬ ਸ਼ਾਂਤੀ ਨਾਲ ਕਿਵੇਂ ਦੇਈਏ? ਇਹ ਸਵਾਲ ਬਹੁਤੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਬਿਲਕੁੱਲ ਜੇਕਰ ਕੋਈ ਸਾਡੇ ‘ਤੇ ਗੁੱਸਾ ਕਰਦਾ ਹੈ ਤਾਂ ਅਸੀਂ ਆਪਣੇ ਮਨ ਦੀ ਸ਼ਾਂਤੀ ਨੂੰ ਕਾਇਮ ਰੱਖ ਸਕਦੇ ਹਾਂ। ਪਹਿਲਾਂ ਤਾਂ ਇਹ ਗੱਲ ਸਮਝਣੀ ਪਵੇਗੀ ਕਿ ਕੋਈ ਸਾਡੇ ‘ਤੇ ਗੁੱਸਾ ਕਰ ਕਿਉੰ ਰਿਹਾ ਹੈ? ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਪਰ ਸਾਡੀ ਵਜ੍ਹਾ ਨਾਲ ਕਿਸੇ ਦਾ ਮਨ ਦੁਖਿਆ ਹੁੰਦਾ ਹੈ ਜਾਂ ਕਿਸੇ ਦਾ ਨੁਕਸਾਨ ਸਾਡੇ ਤੋਂ ਹੋਇਆ ਹੁੰਦਾ ਹੈ। ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਗੁੱਸਾ ਕਰਨ ਵਾਲੇ ਵਿਅਕਤੀ ਨੂੰ ਕਿਸੇ ਨੇ ਸਾਡੇ ਪ੍ਰਤੀ ਝੂਠ ਬੋਲ ਕੇ ਭੜਕਾਇਆ ਹੁੰਦਾ ਹੈ।
ਇਸਦੇ ਇਲਾਵਾ ਕੋਈ ਵਿਅਕਤੀ ਓਦੋਂ ਵੀ ਗੁੱਸਾ ਕਰਦਾ ਹੈ ਜਦੋਂ ਕਿਸੇ ਹੋਰ ਨਾਲ ਲੜਾਈ ਝਗੜਾ ਕਰਕੇ ਆਇਆ ਹੁੰਦਾ ਹੈ ਤੇ ਫਿਰ ਹਰੇਕ ਉੱਪਰ ਹੀ ਗੁੱਸਾ ਕੱਢਦਾ ਫਿਰਦਾ ਹੈ। ਇੱਕ ਹੋਰ ਕਾਰਨ ਵੀ ਗੁੱਸਾ ਕਰਨ ਦਾ ਹੋ ਸਕਦਾ ਹੈ ਕਿ ਗੁੱਸਾ ਕਰਨ ਵਾਲੇ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਿਆ ਹੋਵੇ। ਹੁਣ ਇਨ੍ਹਾਂ ਸਾਰਿਆਂ ਹਾਲਾਤ ਨੂੰ ਤਰਤੀਬ ਨਾਲ ਸਮਝੀਏ ਕਿ ਇਨ੍ਹਾਂ ਪ੍ਰਸਥਿਤੀਆਂ ਵਿੱਚ ਅਸੀਂ ਆਪਣੇ ਮਨ ਦੀ ਸ਼ਾਂਤੀ ਨੂੰ ਕਾਇਮ ਕਿਵੇਂ ਰੱਖ ਸਕਦੇ ਹਾਂ।
ਪਹਿਲੇ ਹਾਲਾਤ ਅਨੁਸਾਰ ਅਸੀਂ ਕਿਸੇ ਦਾ ਨੁਕਸਾਨ ਕੀਤਾ ਹੈ ਜਾਂ ਕਿਸੇ ਦਾ ਮਨ ਦੁਖਾਇਆ ਹੈ ਤਾਂ ਉਸ ਉੱਪਰ ਗੁੱਸਾ ਕਰਨ ਦੀ ਬਜਾਇ ਉਸ ਕੋਲੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ ਕਿ ਮੈਂ ਤੇਰਾ ਨੁਕਸਾਨ ਕੀਤਾ ਹੈ ਜਾਂ ਤੇਰਾ ਦਿਲ ਦੁਖਾਇਆ ਹੈ ਇਸ ਲਈ ਮੈਨੂੰ ਮੁਆਫ ਕਰ ਦੇ। ਦੂਜੇ ਹਾਲਾਤ ਵਿੱਚ ਅਗਰ ਗੁੱਸਾ ਕਰਨ ਵਾਲੇ ਵਿਅਕਤੀ ਨੂੰ ਕਿਸੇ ਨੇ ਤੁਹਾਡੇ ਖ਼ਿਲਾਫ਼ ਭੜਕਾਇਆ ਹੈ ਤਾਂ ਉਸ ਵਿਅਕਤੀ ਨੂੰ ਵਿਸ਼ਵਾਸ ਦਿਵਾਓ ਕਿ ਜੋ ਵੀ ਕਿਸੇ ਨੇ ਤੈਨੂੰ ਕਿਹਾ ਹੈ ਇਹ ਸਭ ਝੂਠ ਹੈ। ਤੀਜੇ ਹਾਲਾਤ ਵਿੱਚ ਗੁੱਸਾ ਕਰਨ ਵਾਲਾ ਕਿਸੇ ਹੋਰ ਨਾਲ ਲੜਾਈ ਝਗੜਾ ਕਰਕੇ ਆਇਆ ਹੈ ਤਾਂ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਨਾ ਕਿ ਗੁੱਸਾ ਕਰੋ। ਚੌਥੇ ਹਾਲਾਤ ਵਿੱਚ ਗੁੱਸਾ ਕਰਨ ਵਾਲੇ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਾ ਹੈ ਤਾਂ ਉਸ ਉੱਪਰ ਗੁੱਸਾ ਕਰਨ ਦੀ ਥਾਂ ਉਸ ਨਾਲ ਹਮਦਰਦੀ ਕਰਨ ਦੀ ਲੋੜ ਹੁੰਦੀ ਹੈ।ਲੇਕਿਨ ਇਨ੍ਹਾਂ ਸਾਰਿਆਂ ਹਾਲਾਤ ਵਿੱਚੋਂ ਕੋਈ ਵੀ ਨਹੀਂ ਹੈ
ਸਗੋਂ ਉਹ ਵਿਅਕਤੀ ਤੁਹਾਨੂੰ ਬੇਇੱਜ਼ਤ ਕਰਨ ਲਈ ਜਾਂ ਮਾੜੇ ਮਨਸੂਬੇ ਨਾਲ ਵਾਰ ਵਾਰ ਤੁਹਾਨੂੰ ਤੰਗ ਕਰ ਰਿਹਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਪਰ ਖ਼ੁਦ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ। ਕਈ ਲੋਕ ਸਵਾਲ ਕਰਦੇ ਹਨ ਕਿ ਜੇਕਰ ਕੋਈ ਸਾਡੇ ਉੱਪਰ ਹਮਲਾ ਹੀ ਬੋਲ ਦਿੰਦਾ ਹੈ ਤਾਂ ਫਿਰ ਸ਼ਾਂਤੀ ਕਿਵੇਂ ਬਣਾ ਕੇ ਰੱਖੀਏ? ਇਸ ਸੁਆਲ ਦਾ ਜਵਾਬ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਿੰਦੇ ਹਨ। ਉਹ ਕਹਿੰਦੇ ਹਨ ਕਿ ਜਦੋਂ ਸਾਰੇ ਹੀਲੇ ਕੰਮ ਨਾ ਕਰਨ ਤਾਂ ਤਲਵਾਰ ਉਠਾਉਣੀ ਜਾਇਜ਼ ਹੈ। ਪਹਿਲਾਂ ਸਾਨੂੰ ਲੜਾਈ ਟਾਲਣ ਦੇ ਸਾਰੇ ਹੀਲੇ ਵਰਤਣੇ ਚਾਹੀਦੇ ਹਨ ਲੇਕਿਨ ਜਦੋਂ ਜਾਨ ‘ਤੇ ਬਣ ਆਵੇ ਤਾਂ ਉਦੋਂ ਹੱਥ ਵਿਖਾਉਣੇ ਗ਼ਲਤ ਨਹੀਂ।
ਕੁਲਵੰਤ ਸਿੰਘ ਗੱਗੜਪੁਰੀ