Punjab
ਜੇ ਰੱਬ ਦੇ ਹੁਕਮ ਬਿਨ ਪੱਤਾ ਨਹੀਂ ਹਿੱਲਦਾ ਤਾਂ ਫਿਰ ਕੀ ਬੁਰੇ ਕੰਮ ਵੀ ਰੱਬ ਹੀ ਕਰਵਾ ਰਿਹਾ ਹੈ?

ਜੇਕਰ ਪਰਮਾਤਮਾ ਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ ਤਾਂ ਫਿਰ ਕੀ ਬਲਾਤਕਾਰ, ਕਤਲ, ਲੁੱਟਮਾਰ ਵਰਗੇ ਬੁਰੇ ਕੰਮ ਵੀ ਰੱਬ ਹੀ ਕਰਵਾ ਰਿਹਾ ਹੈ? ਇਹ ਸਵਾਲ ਆਮ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਆਓ ਇਸ ਸਵਾਲ ਦਾ ਜਵਾਬ ਗੁਰਬਾਣੀ ਦੀ ਰੋਸ਼ਨੀ ਨਾਲ ਲੱਭਣ ਦੀ ਕੋਸ਼ਿਸ਼ ਕਰੀਏ। “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ” ਜਪਜੀ ਸਾਹਿਬ ਦੇ ਇਸ ਸ਼ਬਦ ਦੇ ਅਰਥ ਇਹ ਕੀਤੇ ਜਾਂਦੇ ਹਨ ਕਿ ਸਭ ਕੁੱਝ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਹੈ ਪਰ ਇੱਥੇ ਜ਼ਿਆਦਾਤਰ ਲੋਕ ਹੁਕਮ ਦੇ ਸਹੀ ਅਰਥਾਂ ਨੂੰ ਨਹੀਂ ਸਮਝਦੇ। ਬਹੁਤੇ ਲੋਕਾਂ ਵੱਲੋਂ ਸਵਾਲ ਕੀਤਾ ਜਾਂਦਾ ਹੈ ਕਿ ਜੇਕਰ ਸਭ ਕੁੱਝ ਪਰਮਾਤਮਾ ਹੀ ਕਰ ਰਿਹਾ ਹੈ ਤਾਂ ਫ਼ਿਰ ਬੁਰੇ ਕੰਮ ਵੀ ਪਰਮਾਤਮਾ ਦੇ ਹੁਕਮ ਵਿੱਚ ਹੀ ਹੋ ਰਹੇ ਹਨ? ਇਸ ਸਵਾਲ ਦਾ ਜਵਾਬ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿੱਚ ਹੀ ਦਿੰਦੇ ਹਨ । ਇਹ ਕਰਮ ਫਿਲਾਸਫੀ ਦੀ ਪਉੜੀ ਹੈ,
“ਭਰੀਐ ਹਥੁ ਪੈਰੁ ਤਨੁ ਦੇਹ ॥
ਪਾਣੀ ਧੋਤੈ ਉਤਰਸੁ ਖੇਹ ॥
ਮੂਤ ਪਲੀਤੀ ਕਪੜੁ ਹੋਇ ॥
ਦੇ ਸਾਬੂਣੁ ਲਈਐ ਓਹੁ ਧੋਇ ॥
ਭਰੀਐ ਮਤਿ ਪਾਪਾ ਕੈ ਸੰਗਿ ॥
ਓਹੁ ਧੋਪੈ ਨਾਵੈ ਕੈ ਰੰਗਿ ॥
ਪੁੰਨੀ ਪਾਪੀ ਆਖਣੁ ਨਾਹਿ ॥
ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
ਆਪੇ ਬੀਜਿ ਆਪੇ ਹੀ ਖਾਹੁ ॥
ਨਾਨਕ ਹੁਕਮੀ ਆਵਹੁ ਜਾਹੁ ॥੨੦॥ “
ਇਸ ਪਉੜੀ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਜੇਕਰ ਹੱਥ ਪੈਰ ਅਤੇ ਸਰੀਰ ਧੂੜ ਘੱਟੇ ਨਾਲ ਭਰ ਜਾਣ ਤਾਂ ਉਨ੍ਹਾਂ ਨੂੰ ਪਾਣੀ ਨਾਲ ਧੋਤਾ ਜਾ ਸਕਦਾ ਹੈ ਅਤੇ ਜੇਕਰ ਕੱਪੜਾ ਗੰਦਾ ਹੋ ਜਾਵੇ ਤਾਂ ਸਾਬਣ ਨਾਲ ਧੋਤਾ ਜਾਂਦਾ ਹੈ। ਗੁਰੂ ਸਾਹਿਬ ਅੱਗੇ ਕਹਿੰਦੇ ਹਨ ਕਿ ਜੇਕਰ ਸਾਡੀ ਮੱਤ ਪਾਪਾਂ ਨਾਲ ਭਰ ਜਾਵੇ ਤਾਂ ਉਸਨੂੰ ਨਾਮ ਦੇ ਰੰਗ ਨਾਲ ਹੀ ਧੋਇਆ ਜਾ ਸਕਦਾ ਹੈ।
ਪਹਿਲੇ ਪਾਤਸ਼ਾਹ ਅੱਗੇ ਕਹਿੰਦੇ ਹਨ ਕਿ ਪੁੰਨੀ ਤੇ ਪਾਪੀ ਸਿਰਫ਼ ਕਹਿਣ ਦੀਆਂ ਗੱਲਾਂ ਹੀ ਨਹੀਂ ਸਗੋਂ ਜੋ ਜੋ ਤੁਸੀਂ ਕਰਦੇ ਹੋ ਉਹ ਲਿਖਿਆ ਜਾ ਰਿਹਾ ਹੈ। ਗੁਰੂ ਜੀ ਕਹਿੰਦੇ ਹਨ ਕਿ ਜੋ ਕੁੱਝ ਤੁਸੀਂ ਬੀਜਦੇ ਉਹ ਹੀ ਤੁਹਾਨੂੰ ਖਾਣਾ ਪੈਂਦਾ ਹੈ। ਪਉੜੀ ਦੇ ਅਖ਼ੀਰ ਵਿੱਚ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਉਸ ਆਕਾਲ ਪੁਰਖ ਦੇ ਹੁਕਮ ਨਾਲ ਆਉਣ ਜਾਣ ਬਣਿਆ ਹੋਇਆ ਭਾਵ ਮੌਤ ਅਤੇ ਜਨਮ ਉਸ ਪਰਵਰ ਦਿਗਾਰ ਦੇ ਹੁਕਮਾਂ ਨਾਲ ਹੁੰਦੇ ਹਨ। ਇੱਥੇ ਸਾਨੂੰ ਉਸ ਗੱਲ ਦਾ ਜਵਾਬ ਮਿਲ ਗਿਆ ਹੈ ਕਿ ਕੀ ਬੁਰੇ ਕੰਮ ਵੀ ਰੱਬ ਹੀ ਕਰਵਾ ਰਿਹਾ ਹੈ? ਨਹੀਂ ਪਰਮਾਤਮਾ ਨਾ ਬੁਰੇ ਕੰਮ ਕਰਵਾ ਰਿਹਾ ਹੈ ਨਾ ਚੰਗੇ। ਉਹ ਤਾਂ ਬੇਪਰਵਾਹ ਹੋ ਕੇ ਵਿਗਸ ਰਿਹਾ ਹੈ। ਬੁਰੇ ਕੰਮ ਵੀ ਤੁਸੀਂ ਕਰਦੇ ਹੋ ਅਤੇ ਚੰਗੇ ਵੀ ।
ਜੇਕਰ ਅਸੀਂ ਬੁਰੇ ਕੰਮ ਕਰਦੇ ਹਾਂ ਤਾਂ ਵੀ ਸਾਡੇ ਖਾਤੇ ਵਿੱਚ ਲਿਖੇ ਜਾਂਦੇ ਹਨ ਤੇ ਜੇਕਰ ਚੰਗੇ ਕੰਮ ਕਰਦੇ ਹਾਂ ਤਾਂ ਉਹ ਵੀ ਸਾਡੇ ਖਾਤੇ ਵਿੱਚ ਜਾਂਦੇ ਹਨ। ਫਿਰ ਸਾਨੂੰ ਆਪਣੇ ਕਾਰਮਿਕ ਅਕਾਊਂਟ ਦੇ ਹਿਸਾਬ ਨਾਲ ਸਭ ਮਿਲਦਾ ਹੈ। ਜਿੱਥੇ ਗੁਰੂ ਸਾਹਿਬ ਨੇ ਇਹ ਕਿਹਾ ਹੈ ਕਿ ਸਭ ਕੁੱਝ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ ਹੈ ਉਸਦਾ ਅਰਥ ਹੈ ਕਿ ਸਭ ਕੁੱਝ ਪਰਮਾਤਮਾ ਦੇ ਨਿਯਮ ਵਿੱਚ ਚੱਲ ਰਿਹਾ ਹੈ।
ਗੁਰਬਾਣੀਂ ਵਿੱਚ ਇਸ ਜੀਵਨ ਨੂੰ ਖੇਡ ਦੱਸਿਆ ਗਿਆ ਹੈ। ਅਸੀਂ ਜਿਸ ਤਰ੍ਹਾਂ ਦੀ ਖੇਡ ਖੇਡਦੇ ਹਾਂ ਉਸੇ ਤਰ੍ਹਾਂ ਦਾ ਸਾਡਾ ਖਾਤਾ ਬਣਦਾ ਹੈ। ਉਸ ਆਕਾਲ ਪੁਰਖ ਨੇ ਸਾਨੂੰ ਆਜ਼ਾਦ ਹੋ ਕੇ ਖੇਡਣ ਲਈ ਭੇਜਿਆ ਹੈ। ਉਹ ਸਾਡੀ ਖੇਡ ਵਿੱਚ ਦਖ਼ਲ ਨਹੀਂ ਦਿੰਦਾ। ਸਾਡੀ ਖੇਡ ਦਾ ਲੇਖਾ ਜੋਖਾ ਸਾਡੇ ਅੰਦਰ ਬੈਠਾ ਚਿੱਤਰ ਗੁਪਤ (Sub Concious Mind)ਰਿਕਾਰਡ ਕਰਦਾ ਹੈ। ਇਸ ਲਈ ਇਹ ਨਾ ਸੋਚੋ ਕਿ ਬਲਾਤਕਾਰ, ਕਤਲ, ਚੋਰੀ,ਡਕੈਤੀ ਅਤੇ ਹੋਰ ਬੁਰੇ ਕੰਮ ਪਰਮਾਤਮਾ ਦੇ ਹੁਕਮ ਵਿੱਚ ਹੁੰਦੇ ਹਨ। ਗੁਰਬਾਣੀਂ ਵਿੱਚ ਇਹ ਵੀ ਫੁਰਮਾਨ ਹੈ, “ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥” ਇਸ ਲਈ ਤੁਹਾਡੇ ਕਰਮਾਂ ਨਾਲ ਸਾਰਾ ਹਿਸਾਬ ਕਿਤਾਬ ਹੋਣਾ ਹੈ, ਚੰਗਿਆਈ ਕਰੋ ਤਾਂ ਚੰਗ਼ਾ ਫਲ ਮਿਲੇਗਾ, ਬੁਰਾਈ ਕਰੋਗੇ ਤਾਂ ਬੁਰਾ ਫਲ ਮਿਲੇਗਾ। ਸੰਜ਼ਮ ਰੱਖੋ ਰੱਬ ਦੇ ਘਰ ਦੇਰ ਹੋ ਸਕਦੀ ਅੰਧੇਰ ਨਹੀਂ।