Punjab
ਬਲੈਕ ਆਊਟ ਤੇ ਸੈਲਫੀ ਕਲਚਰ; ਯੁੱਧ ਅਭਿਆਸ ਹੈ ਕੋਈ ਖੇਡ ਨਹੀਂ

ਬੀਤੀ ਰਾਤ ਭਾਰਤ ਦੇ ਲੱਗਭਗ 300 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕੀਤੀ ਗਈ ਅਤੇ ਦਸ ਮਿੰਟ ਲਈ ਬਲੈਕ ਆਊਟ ਕੀਤਾ ਗਿਆ। ਇਸ ਬਲੈਕ ਆਊਟ ਦੌਰਾਨ ਅਸੀਂ ਜੋ ਮੋਹਾਲੀ ਵਿੱਚ ਵੇਖਿਆ ਇੱਥੇ 95% ਬਲੈਕ ਆਊਟ ਨਜ਼ਰ ਆਇਆ ,ਕਈ ਥਾਵਾਂ ਤੇ ਇਮਾਰਤਾਂ ਅੰਦਰ ਲਾਈਟਾਂ ਜਗਦੀਆਂ ਨਜ਼ਰ ਆਈਆਂ। ਇਸਦੇ ਨਾਲ ਹੀ ਇਹ ਵੀ ਦੇਖਿਆ ਗਿਆ ਕਿ ਸੈਲਫੀ ਕਲਚਰ ਵਿੱਚ ਉਲਝੇ ਨੌਜਵਾਨ ਆਪਣੇ ਮੋਬਾਈਲਾਂ ਨਾਲ ਬਲੈਕ ਆਊਟ ਦੀਆਂ ਵੀਡੀਓ ਬਣਾਉਂਦੇ ਆਮ ਦੇਖੇ ਗਏ। ਇਹ ਵੀਡੀਓ ਬਣਾਉਣ ਵਾਲੇ ਲੋਕ ਆਪਣੇ ਮਕਾਨਾਂ ਦੀਆਂ ਛੱਤਾਂ ਉੱਪਰ ਚੜ੍ਹ ਕੇ ਬਲੈਕ ਆਊਟ ਦੀਆਂ ਵੀਡੀਓ ਬਣਾ ਰਹੇ ਸਨ। ਇਹ ਬਲੈਕ ਆਊਟ ਕੋਈ ਖੇਡ ਨਹੀਂ ਹੈ।
ਜਦੋਂ 1971 ਦੀ ਭਾਰਤ ਪਾਕਿ ਜੰਗ ਲੱਗੀ ਸੀ ਉਸ ਸਮੇਂ ਵੀ ਬਲੈਕ ਆਊਟ ਕੀਤਾ ਗਿਆ ਸੀ। ਉਦੋਂ ਬਹੁਤੇ ਪਿੰਡਾਂ ਵਿੱਚ ਬਿਜਲੀ ਨਹੀਂ ਸੀ ਪਹੁੰਚੀ। ਮੈਨੂੰ ਯਾਦ ਹੈ ਕਿ ਉਸ ਸਮੇਂ ਲੋਕਾਂ ਨੂੰ ਘਰਾਂ ਵਿੱਚ ਦੀਵੇ ਬੁਝਾ ਕੇ ਰੱਖਣ ਲਈ ਕਿਹਾ ਗਿਆ ਸੀ ਅਤੇ ਬੀੜੀ ਸਿਗਰੇਟ ਪੀਣ ਦੀ ਸਖ਼ਤ ਮਨਾਹੀ ਕੀਤੀ ਗਈ ਸੀ। ਬਲੈਕ ਆਊਟ ਕੀਤਾ ਕਿਉੰ ਜਾਂਦਾ ਹੈ? ਜਿਵੇਂ ਮੈਂ ਉੱਪਰ ਕਿਹਾ ਹੈ ਕਿ ਇਹ ਯੁੱਧ ਦੀ ਤਿਆਰੀ ਹੈ ਕੋਈ ਖੇਡ ਨਹੀਂ ਹੈ। ਜਦੋਂ ਜੰਗ ਲੱਗਦੀ ਹੈ ਤਾਂ ਦੁਸ਼ਮਣ ਦੇ ਲੜਾਕੂ ਜਹਾਜ਼ ਉੱਥੇ ਬੰਬ ਸੁੱਟਣ ਦੀ ਕੋਸ਼ਿਸ਼ ਕਰਦੇ ਹਨ ਜਿੱਥੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਇੱਥੇ ਕੋਈ ਸ਼ਹਿਰ ਜਾਂ ਪਿੰਡ ਹੈ। ਸ਼ਹਿਰ ਜਾਂ ਪਿੰਡ ਦਾ ਪਤਾ ਜਗਦੀਆਂ ਬੱਤੀਆਂ ਜਾਂ ਕਿਸੇ ਵੀ ਤਰ੍ਹਾਂ ਦੀ ਰੋਸ਼ਨੀ ਨਾਲ ਲੱਗਦਾ ਹੈ।
ਹੁਣ ਬੀਤੀ ਰਾਤ ਜਦੋਂ ਬਲੈਕ ਆਊਟ ਹੋਇਆ ਤਾਂ ਸੈਲਫੀ ਸਟਾਰ ਨੌਜਵਾਨਾਂ ਦੇ ਮੋਬਾਈਲਾਂ ਦੀ ਰੋਸ਼ਨੀ ਚਾਰੇ ਪਾਸੇ ਨਜ਼ਰ ਆ ਰਹੀ ਸੀ। ਰੱਬ ਨਾ ਕਰੇ ਜੇਕਰ ਯੁੱਧ ਲੱਗ ਗਿਆ ਤਾਂ ਸਾਡੇ ਇਹ ਸੈਲਫੀ ਸਟਾਰ ਦੁਸ਼ਮਣ ਦੇ ਜਹਾਜਾਂ ਦੀਆਂ ਵੀਡੀਓ ਵੀ ਜ਼ਰੂਰ ਬਣਾਉਣਗੇ। ਇਸ ਤਰ੍ਹਾਂ ਕਰਕੇ ਉਹ ਖੁਦ ਤਾਂ ਮੌਤ ਦੇ ਮੂੰਹ ਵਿੱਚ ਜਾਣਗੇ ਹੀ ,ਉਨ੍ਹਾਂ ਦੀ ਨਲਾਇਕੀ ਕਾਰਨ ਅਨੇਕਾਂ ਹੋਰ ਜਾਨਾਂ ਵੀ ਜਾ ਸਕਦੀਆਂ ਹਨ। ਜਦੋਂ ਆਰਮੀ ਦਾ ਯੁੱਧ ਅਭਿਆਸ ਹੁੰਦਾ ਤਾਂ ਉਸ ਵੇਲੇ ਆਰਮੀ ਦੇ ਜਵਾਨਾਂਹਲਕੇ ਹਰੇ ਰੰਗ ਦੇ ਚਿਤ੍ਰਮ ਚਿਤਰੇ ਜਿਹੇ ਕੱਪੜੇ ਪਵਾਏ ਜਾਂਦੇ ਜਿਸ ਨਾਲ ਉਹ ਦੁਸ਼ਮਣ ਨੂੰ ਜਹਾਜ਼ ਤੋਂ ਬੂਟਿਆਂ ਵਰਗੇ ਨਜ਼ਰ ਆਉਂਦੇ ਹਨ। ਫੌਜ ਦੀਆਂ ਗੱਡੀਆਂ ਉੱਪਰ ਵੀ ਹਰੇ ਰੰਗ ਦੇ ਜਾਲ ਪਾਏ ਜਾਂਦੇ ਹਨ। ਇਸ ਲਈ ਮੌਕ ਡਰਿੱਲ ਤੇ ਬਲੈਕ ਆਊਟ ਇੱਕ ਬਹੁਤ ਗੰਭੀਰ ਅਭਿਆਸ ਹੈ ਤੇ ਇਸ ਨੂੰ ਗੰਭੀਰਤਾ ਨਾਲ ਹੀ ਲੈਣਾ ਚਾਹੀਦਾ ਹੈ। ਜਦੋਂ ਲੜਾਈ ਲੱਗਦੀ ਹੈ ਤਾਂ ਸੌ ਫ਼ੀਸਦੀ ਬਲੈਕ ਆਊਟ ਹੋਣਾ ਚਾਹੀਦਾ ਹੈ।
ਜੇਕਰ ਸਰਕਾਰ ਵੱਲੋਂ ਪਾਵਰ ਕੱਟ ਵੀ ਲਗਾਇਆ ਜਾਂਦਾ ਹੈ ਤਾਂ ਵੀ ਲੋਕਾਂ ਕੋਲ ਜਨਰੇਟਰ ਅਤੇ ਇਨਵਰਟਰ ਆਮ ਹੀ ਹਨ ਜਿਨ੍ਹਾਂ ਕਾਰਨ ਲੋਕਾਂ ਦੇ ਘਰਾਂ ਵਿੱਚੋਂ ਸੌ ਫ਼ੀਸਦੀ ਲਾਈਟਾਂ ਬੰਦ ਨਹੀਂ ਹੁੰਦੀਆਂ। ਸੋ ਸਾਨੂੰ ਯੁੱਧ ਦੀ ਗੰਭੀਰਤਾ ਨੂੰ ਸਮਝਦਿਆਂ। ਇਨ੍ਹਾਂ ਅਭਿਆਸਾਂ ਵਿੱਚ ਪੂਰੀ ਤਰ੍ਹਾਂ ਸੁਚੇਤ ਹੋ ਕੇ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਨਹੀਂ ਤਾਂ ਇਹ ਬਿਜਲਈ ਯੰਤਰ ਜਿਹੜੇ ਸਾਡੇ ਮਨੋਰੰਜਨ ਤੇ ਸੁੱਖ ਸਹੂਲਤਾਂ ਦੇ ਸਾਧਨ ਹਨ ਇਹ ਬਰਬਾਦੀ ਦਾ ਕਾਰਨ ਬਣ ਜਾਣਗੇ। ਆਓ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਲੜਾਈ ਦੌਰਾਨ ਸਰਕਾਰੀ ਆਦੇਸ਼ਾਂ ਦੀ ਪੂਰਨ ਤੌਰ ‘ਤੇ ਪਾਲਣਾ ਕਰਾਂਗੇ।