Uncategorized
ਕਿਤੇ ਭਾਰਤ-ਪਾਕਿ ਜੰਗ ਦੇ ਤਾਰ ਅਮਰੀਕਾ-ਚੀਨ ਦੇ ਟੈਰਿਫ ਯੁੱਧ ਨਾਲ ਤਾਂ ਨਹੀਂ ਜੁੜੇ?

ਭਾਰਤ -ਪਾਕਿਸਤਾਨ ਯੁੱਧ ਦੇ ਤਾਰ ਕਿਤੇ ਚੀਨ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਟੈਰਿਫ ਜੰਗ ਨਾਲ ਤਾਂ ਨਹੀਂ ਜੁੜੇ। ਕੌਮਾਂਤਰੀ ਸਿਆਸੀ ਮਾਹਿਰਾਂ ਵੱਲੋਂ ਇਹ ਸੰਦੇਹ ਅਮਰੀਕਾ ਦੀ ਅਰਥ ਸ਼ਾਸ਼ਤਰੀ ਵੱਲੋਂ ਦਿੱਤੇ ਬਿਆਨ ਕਿ ਵੱਡੀਆਂ ਆਈ ਟੀ ਕੰਪਨੀਆਂ, ਮੋਬਾਈਲ ਅਤੇ ਕੰਪਿਊਟਰ ਬਣਾਉਣ ਵਾਲੀਆਂ ਕੰਪਨੀਆਂ ਨੇ ਚੀਨ ਤੋਂ ਭਾਰਤ ਵਿੱਚ ਸ਼ਿਫਟ ਕਰਨ ਦਾ ਮਨ ਬਣਾ ਲਿਆ ਸੀ ਪਰ ਅਚਾਨਕ ਭਾਰਤ-ਪਾਕਿ ਵਿਚਾਲੇ ਜੰਗ ਛਿੜ ਗਈ ਜਿਸ ਕਾਰਨ ਉਨ੍ਹਾਂ ਦੇ ਸ਼ਿਫਟ ਹੋਣ ਦਾ ਪ੍ਰੋਗਰਾਮ ਟਲ ਗਿਆ। ਤੁਸੀਂ ਸਭ ਜਾਣਦੇ ਹੋ ਕਿ 22 ਅਪ੍ਰੈਲ ਨੂੰ ਕੁੱਝ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਬੇਗੁਨਾਹ 26, ਸੈਲਾਨੀਆਂ ਨੂੰ ਬੇਦਰਦੀ ਨਾਲ ਕਤਲ ਕਰ ਦਿੱਤਾ ਸੀ ਜਿਸ ਮਗਰੋਂ ਅੱਤਵਾਦੀਆਂ ਨੂੰ ਮਾਰ ਮੁਕਾਉਣ ਲਈ ਭਾਰਤ ਨੇ ਪਾਕਿਸਤਾਨ ਅੰਦਰਲੇ ਅੱਤਵਾਦੀ ਠਿਕਾਣਿਆਂ ਉੱਪਰ ਹਮਲੇ ਕੀਤੇ ਸਨ ਪਾਕਿਸਤਾਨ ਨੇ ਭਾਰਤੀ ਹਵਾਈ ਸੈਨਾ ਦੇ ਪਾਕਿਸਤਾਨ ਦਾਖ਼ਲੇ ਮਗਰੋਂ ਜੰਗ ਛੇੜ ਲਈ ਸੀ।
ਇਸ ਜੰਗ ਤੋਂ ਥੋੜ੍ਹਾ ਜਿਹਾ ਪਿੱਛੇ ਝਾਤ ਮਾਰੀਏ ਤਾਂ ਅਮਰੀਕਾ ਨੇ ਚੀਨ ਉੱਪਰ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਤੇ ਉਸ ਮਗਰੋਂ ਚੀਨ ਨੇ ਵੀ ਅਮਰੀਕਾ ਉੱਪਰ ਟੈਰਿਫ ਲਗਾ ਦਿੱਤਾ ਅਤੇ ਨਾਲੋਂ ਨਾਲ ਚੀਨੀ ਕੰਪਨੀਆਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਅਮਰੀਕਾ ਵਿਚਲੇ ਵੱਡੇ ਬ੍ਰਾਂਡ ਸਾਡੇ ਤੋਂ ਸਮਾਨ ਕੌੜੀਆਂ ਦੇ ਭਾਅ ਖਰੀਦ ਕੇ ਅੱਗੇ ਸੋਨੇ ਦੇ ਭਾਅ ਵੇਚਦੇ ਹਨ ।ਇਸ ਪ੍ਰਚਾਰ ਮਗਰੋਂ ਐਪਲ, ਇੰਟੇਲ, ਐੱਚ ਪੀ,ਸੈਮਸੰਗ ਵਰਗੀਆਂ ਕਈ ਵੱਡੀਆਂ ਕੰਪਨੀਆਂ ਨੇ ਆਪਣੀ manufacturing facility ਨੂੰ ਚੀਨ ਚੋਂ ਭਾਰਤ ਵਿੱਚ ਸ਼ਿਫਟ ਕਰਨ ਦਾ ਮਨ ਬਣਾ ਲਿਆ ਸੀ। ਲੇਕਿਨ ਅਚਾਨਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੜਾਈ ਛਿੜ ਜਾਂਦੀ ਹੈ ਜਿਸ ਕਰਕੇ ਇਹ ਕੰਪਨੀਆਂ ਭਾਰਤ ਨਹੀਂ ਆਉਂਦੀਆਂ। ਬਹੁਤੇ ਲੋਕਾਂ ਵੱਲੋਂ ਇਸ ਟੈਰਿਫ ਜੰਗ ਅਤੇ ਭਾਰਤ -ਪਾਕਿ ਜੰਗ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ। ਇਹ ਸੱਚ ਵੀ ਹੋ ਸਕਦਾ ਹੈ ਕਿਉਕਿ ਜਦੋਂ ਵੱਡੀਆਂ ਕੰਪਨੀਆਂ ਚੀਨ ਵਿੱਚੋਂ ਭਾਰਤ ਆਉਣ ਦਾ ਮਨ ਹੀ ਬਣਾ ਰਹੀਆਂ ਸਨ ਉਸ ਸਮੇਂ ਭਾਰਤ ਪਾਕਿ ਜੰਗ ਛਿੜ ਗਈ। ਐਸੇ ਮਾਹੌਲ ਵਿੱਚ ਭਲਾ ਕਿਹੜੀ ਕੰਪਨੀ ਭਾਰਤ ਵਿੱਚ ਵਪਾਰ ਸਥਾਪਿਤ ਕਰਨਾ ਚਾਹੇਗੀ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੀਨ ਨੇ ਹੀ ਪਾਕਿਸਤਾਨ ਨੂੰ ਪਹਿਲਗਾਮ ਹੱਤਿਆ ਕਾਂਡ ਲਈ ਉਕਸਾਇਆ ਹੋਵੇ ਪਰ ਅਸੀਂ ਇਸ ਨੂੰ ਇੱਕ ਦੂਜੇ ਨਜ਼ਰੀਏ ਨਾਲ ਵੇਖ ਸਕਦੇ ਹਾਂ ਕਿ ਅਮਰੀਕਾ ਭਾਰਤ ਨੂੰ ਚੀਨ ਵਿਰੁੱਧ ਭੜਕਾ ਰਿਹਾ ਹੋਵੇ। ਇਹ ਵੱਡੀਆਂ ਸ਼ਕਤੀਆਂ ਆਪਣੇ ਸੁਆਰਥ ਲਈ ਕੁੱਝ ਵੀ ਕਰਵਾ ਸਕਦੀਆਂ ਹਨ। ਇਹ ਤਾਂ ਆਪਣੇ ਹਥਿਆਰ ਵੇਚਣ ਲਈ ਵੀ ਛੋਟੇ ਦੇਸ਼ਾਂ ਨੂੰ ਆਪਸ ਵਿੱਚ ਲੜਾਈ ਰੱਖਦੀਆਂ ਹਨ। ਜੇਕਰ ਸੱਚਮੁੱਚ ਪਾਕਿਸਤਾਨ ਨੂੰ ਚੀਨ ਨੇ ਉਕਸਾਇਆ ਸੀ ਤਾਂ ਪਾਕਿਸਤਾਨ ਨੂੰ ਹੁਣ ਸਬਕ ਸਿੱਖ ਲੈਣਾ ਚਾਹੀਦਾ ਕਿਉਕਿ ਉਸ ਨੇ ਆਪਣਾ ਇੰਨਾ ਕੁ ਨੁਕਸਾਨ ਕਰਵਾ ਲਿਆ ਹੈ ਕਿ ਕਈ ਸਾਲ ਤੱਕ ਸੰਭਲ ਨਹੀਂ ਸਕਦਾ। ਪਾਕਿਸਤਾਨ ਦਾ ਇਸੇ ਵਿੱਚ ਭਲਾ ਹੈ ਕਿ ਉਹ ਭਾਰਤ ਨਾਲ ਸੁਖਾਵੇਂ ਸਬੰਧ ਬਣਾ ਕੇ ਰੱਖੇ ਅਤੇ ਗੁਆਂਢੀ ਦੇਸ਼ ਨਾਲ ਲੜਾਈ ਦੀ ਥਾਂ ਵਪਾਰਕ ਸਾਂਝ ਪਾ ਕੇ ਆਪਣੇ ਦੇਸ਼ ਦੀ ਗ਼ਰੀਬੀ ਦੂਰ ਕਰੇ ਨਾ ਕਿ ਵੱਡੀਆਂ ਸ਼ਕਤੀਆਂ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਆਵਾਮ ਲਈ ਮੁਸੀਬਤ ਖੜੀ ਕਰੇ।