International
ਪੰਜਾਬੀ ਨੌਜਵਾਨ, ਪਾਕਿ ਲਈ ਜਾਸੂਸੀ ਅਤੇ ਕਰਤਾਰਪੁਰ ਸਾਹਿਬ ਲਾਂਘਾ

ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਕੁੱਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਜ਼ਿਆਦਾਤਰ ਪੰਜਾਬੀ ਨੌਜਵਾਨ ਹਨ ਅਤੇ ਬਹੁਤੇ ਉਹ ਲੋਕ ਹਨ ਜਿਹੜੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਪਟਿਆਲਾ ਦੇ ਖਾਲਸਾ ਕਾਲਜ ਦਾ ਵਿਦਿਆਰਥੀ ਤੇ ਹਰਿਆਣਾ ਦੇ ਕੈਥਲ ਜ਼ਿਲੇ ਦਾ ਰਹਿਣ ਵਾਲਾ ਦਵਿੰਦਰ ਸਿੰਘ ਢਿੱਲੋਂ ਵੀ ਸ਼ਾਮਲ ਹੈ। ਇਸੇ ਤਰ੍ਹਾਂ ਹਰਿਆਣਾ ਦੇ ਹੀ ਹਿਸਾਰ ਸ਼ਹਿਰ ਦੀ ਰਹਿਣ ਵਾਲੀ ਜਯੋਤੀ ਮਲਹੋਤਰਾ ਵੀ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਫੜੀ ਹੈ। ਜਯੋਤੀ ਮਲਹੋਤਰਾ ਇੱਕ ਨਾਮੀ ਯੂਟਿਊਬਰ ਹੈ ਤੇ ਉਹ ਕਈ ਦੇਸ਼ਾਂ ਵਿੱਚ ਟਰੈਵਲ ਕਰ ਚੁੱਕੀ ਹੈ। ਜਯੋਤੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਵੀ ਪਾਕਿਸਤਾਨ ਗਈ ਸੀ। ਉਹ ਕਈ ਵਾਰ ਪਾਕਿਸਤਾਨ ਗਈ ਤੇ ਉਸਦੇ ਕਈ ਪਾਕਿਸਤਾਨੀ ਮੰਤਰੀਆਂ ਨਾਲ ਸੰਬੰਧ ਵੀ ਦੱਸੇ ਜਾਂਦੇ ਹਨ।
ਜਯੋਤੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਨੇ ਭਾਰਤ ਦੀਆਂ ਕਈ ਖੁਫ਼ੀਆ ਜਾਣਕਾਰੀਆਂ ਪਾਕਿਸਤਾਨ ਨੂੰ ਦਿੱਤੀਆਂ ਹਨ। ਦਵਿੰਦਰ ਸਿੰਘ ਢਿੱਲੋਂ ਜੋ 22-23 ਸਾਲ ਦਾ ਨੌਜਵਾਨ ਹੈ ਤੇ ਬੀ ਏ ਭਾਗ ਪਹਿਲਾ ਦਾ ਵਿੱਦਿਆਰਥੀ ਹੈ। ਉਸ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸਨੇ ਭਾਰਤ ਦੇ ਫੌਜੀ ਠਿਕਾਣਿਆਂ ਦੀਆਂ ਤਸਵੀਰਾਂ ਪਾਕਿਸਤਾਨ ਨੂੰ ਭੇਜੀਆਂ ਸਨ। ਲੇਕਿਨ ਉਸਦੇ ਪਿੰਡ ਮਸਤਗੜ੍ਹ ( ਨੇੜੇ ਚੀਕਾ) ਦੇ ਲੋਕਾਂ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਇਸ ਤਰ੍ਹਾਂ ਨਹੀਂ ਕਰ ਸਕਦਾ। ਪਿੰਡ ਵਾਸੀ ਕਹਿੰਦੇ ਹਨ ਕਿ ਪਾਕਿਸਤਾਨ ਜਾਣ ‘ਤੇ ਉਸਦੇ ਕੁੱਝ ਪਾਕਿਸਤਾਨੀ ਨੌਜਵਾਨ ਦੋਸਤ ਬਣ ਗਏ ਜਿਨ੍ਹਾਂ ਨੂੰ ਉਹ ਫੋਨ ਕਰਦਾ ਸੀ ਲੇਕਿਨ ਉਸਦੇ ਜਾਸੂਸ ਹੋਣ ਦੀ ਗੱਲ ਨੂੰ ਪਿੰਡ ਵਾਸੀ ਮੰਨਣ ਲਈ ਤਿਆਰ ਨਹੀਂ ਹਨ।
ਇਸੇ ਤਰ੍ਹਾਂ ਹੀ ਪੁਲਿਸ ਨੇ ਗੁਰਦਾਸਪੁਰ ਤੋਂ ਵੀ ਦੋ ਲੜਕਿਆਂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਮਾਲੇਰਕੋਟਲਾ ਅਤੇ ਜਲੰਧਰ ਤੋਂ ਵੀ ਕੁੱਝ ਨੌਜਵਾਨਾਂ ਪਾਕਿਸਤਾਨ ਲਈ ਜਸੂਸੀ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਚੋਂ ਜ਼ਿਆਦਾਤਰ ਉਹ ਲੋਕ ਹਨ ਜਿਹੜੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਗਏ ਸਨ। ਇਨ੍ਹਾਂ ਪੰਜਾਬੀ ਨੌਜਵਾਨਾਂ ਦੇ ਫੜੇ ਜਾਣ ਨਾਲ ਜਿੱਥੇ ਪੰਜਾਬੀ ਭਾਈਚਾਰਾ ਬਦਨਾਮ ਹੁੰਦਾ ਹੈ ਉੱਥੇ ਹੀ ਕਰਤਾਰਪੁਰ ਸਾਹਿਬ ਲਾਂਘਾ ਵੀ ਪ੍ਰਭਾਵਿਤ ਹੁੰਦਾ ਹੈ। ਆਜ਼ਾਦੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਯਤਨਾਂ ਸਦਕਾ ਕਰਤਾਰਪੁਰ ਸਾਹਿਬ ਲਾਂਘਾ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਖੋਲ੍ਹਿਆ ਸੀ। ਆਜ਼ਾਦੀ ਤੋਂ ਬਾਅਦ ਸਿੱਖਾਂ ਵੱਲੋਂ ਆਪਣੀ ਰੋਜ਼ਾਨਾ ਦੀ ਅਰਦਾਸ ਵਿੱਚ ਸ਼ਾਮਲ ਕਰ ਲਿਆ ਗਿਆ ਸੀ,” ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਆਪਣੇ ਪਿਆਰੇ ਖਾਲਸਾ ਜੀ ਨੂੰ ਸੌਂਪਣਾ ਜੀ।” ਬੜੀਆਂ ਅਰਦਾਸਾਂ ਅਤੇ ਮੰਨਤਾਂ ਮਗਰੋਂ ਇਹ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਹੈ।
ਇਸ ਲਈ ਜੇਕਰ ਇਹ ਗੱਲ ਸੱਚ ਸਾਬਤ ਹੁੰਦੀ ਹੈ ਕਿ ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਪਾਕਿਸਤਾਨ ਲਈ ਜਾਸੂਸੀ ਕੀਤੀ ਹੈ ਤਾਂ ਉਨ੍ਹਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ। ਇਹ ਗੁਨਾਹ ਕੌਮੀ ਅਤੇ ਧਾਰਮਿਕ ਦੋਵਾਂ ਪੱਖਾਂ ਤੋਂ ਕੀਤਾ ਗਿਆ ਮੰਨਿਆ ਜਾਵੇਗਾ। ਜੱਥਿਆਂ ਨਾਲ ਪਾਕਿਸਤਾਨ ਜਾਣ ਵਾਲੇ ਲੋਕਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਅਗਰ ਉਹ ਆਪਣੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਦੇ ਦਰਸ਼ਨਾਂ ਨੂੰ ਜਾਂਦੇ ਹਨ ਤਾਂ ਉਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਖੁਸ਼ੀਆਂ ਤਾਂ ਹੀ ਪ੍ਰਾਪਤ ਹੋਣਗੀਆਂ ਜੇਕਰ ਉਹ ਸੱਚੇ ਦਿਲ ਨਾਲ ਤੇ ਪੂਰੀ ਸ਼ਰਧਾ ਭਾਵਨਾ ਨਾਲ ਮੱਥਾ ਟੇਕ ਕੇ ਆਉਂਦੇ ਹਨ। ਜਦੋਂ ਕੋਈ ਨੌਜਵਾਨ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਦੇ ਹੱਥੇ ਚੜ ਕੇ ਦੇਸ਼ ਵਿਰੋਧੀ ਗਤੀਵਿਧੀਆਂ ਕਰਦਾ ਹੈ ਤਾਂ ਉਹ ਦੇਸ਼ ਦਾ ਗਦਾਰ ਤਾਂ ਸਮਝਿਆ ਹੀ ਜਾਵੇਗਾ ਤੇ ਇਸਦੇ ਨਾਲ ਹੀ ਉਹ ਸਿੱਖ ਧਰਮ ਦਾ ਦੋਖੀ ਵੀ ਮੰਨਿਆ ਜਾਵੇਗਾ। ਨੌਜਵਾਨ ਵੀਰੋ ਤੇ ਭੈਣੋ ਪੈਸੇ ਦੇ ਲਾਲਚ ਵਿੱਚ ਆ ਕੇ ਆਪਣਾ ਈਮਾਨ ਨਾ ਵੇਚੋ। ਸਾਡੇ ਗੁਰੂਆਂ ਨੇ ਤਾਂ ਸਾਨੂੰ ਦੇਸ਼ ਕੌਮ ਤੋਂ ਕੁਰਬਾਨ ਹੋਣਾ ਸਿਖਾਇਆ ਹੈ।
ਇਹ ਯਾਦ ਰੱਖੋ ਕਿ ਤੁਹਾਡੀ ਇਸ ਗਲਤੀ ਜਾਂ ਤੁੱਛ ਜਿਹੇ ਲਾਲਚ ਨਾਲ ਸਰਕਾਰ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਬੰਦ ਕਰਨ ਲਈ ਮਜ਼ਬੂਰ ਹੋ ਸਕਦੀ ਹੈ। ਪੰਜਾਬੀ ਵੀਰੋ ਪੰਜਾਬ ਦੇ ਲੋਕਾਂ ਦੇ ਸਰੀਰ ਵਿੱਚ ਗਦਾਰਾਂ ਦਾ ਖੂਨ ਨਹੀਂ ਸਗੋਂ ਦੇਸ਼ ਭਗਤਾਂ ਦਾ ਖੂਨ ਹੈ। ਇਸ ਲਈ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਅਪੀਲ ਹੈ ਕਿ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਅਸਥਾਨ ਦੇ ਦਰਸ਼ਨ ਕਰੋ ਤੇ ਵਾਪਸ ਆ ਜਾਓ ਕਿਸੇ ਵੀ ਅਣਜਾਣ ਵਿਅਕਤੀ ਨੂੰ ਦੋਸਤ ਨਾ ਬਣਾਓ ਤੇ ਨਾ ਹੀ ਆਪਣਾ ਫੋਨ ਨੰਬਰ ਦਿਓ।ਪੰਜਾਬੀਆਂ ਦਾ ਸੁਭਾਅ ਹੈ ਕਿ ਉਹ ਹਰੇਕ ਵਿਅਕਤੀ ਨੂੰ ਆਪਣਾ ਬਣਾ ਲੈਂਦੇ ਹਨ ਪਰ ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਾਡਾ ਦੁਸ਼ਮਣ ਦੋਸਤ ਬਣ ਕੇ ਸਾਡੀ ਪਿੱਠ ਵਿੱਚ ਛੁਰਾ ਮਾਰ ਸਕਦਾ ਹੈ।