Connect with us

Punjab

ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਨੇ 98 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

Published

on

ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਨਹੀਂ ਰਹੇ। ਉਨ੍ਹਾਂ ਨੇ ਬੀਤੇ ਦਿਨ ਆਖਰੀ ਸਾਹ ਲਏ ਅਤੇ ਉਨ੍ਹਾਂ ਦੀ ਉਮਰ 98 ਸਾਲ ਸੀ। ਹੁਣ ਤੱਕ ਉਨ੍ਹਾਂ ਨੇ 150 ਤੋਂ ਵੱਧ ਕਿਤਾਬਾਂ ਲਿਖੀਆਂ ਹਨ ਅਤੇ ਪਦਮ ਸ਼੍ਰੀ ਐਵਾਰਡ ਵੀ ਮਿਲ ਚੁੱਕਾ ਹੈ।

ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਅੱਜ ਸਦੀਵੀਂ ਵਿਛੋੜਾ ਦੇ ਗਏ। ਉਹ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਆਪਣੇ ਪਿੱਛੇ ਸਾਹਿਤ ਜਗਤ ਲਈ ਆਪਣੀਆਂ ਲਿਖਤਾਂ ਦੇ ਰੂਪ ਵਿਚ ਅਨਮੋਲ ਖ਼ਜ਼ਾਨਾ ਛੱਡ ਗਏ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਪਰਿਵਾਰ ਵਿਚ ਉਹ ਪਿੱਛੇ ਆਪਣੀ ਧਰਮ ਪਤਨੀ ਦਾ ਡਾ. ਗੁਰਸ਼ਰਨ ਕੌਰ ਜੱਗੀ (ਸੇਵਾ ਮੁਕਤ ਪ੍ਰਿੰਸੀਪਲ, ਸਰਕਾਰੀ ਕਾਲਜ ਲੜਕੀਆਂ, ਪਟਿਆਲਾ), ਪੁੱਤਰ ਮਾਲਵਿੰਦਰ ਸਿੰਘ ਜੱਗੀ (ਸੇਵਾ ਮੁਕਤ ਆਈ.ਏ.ਐਸ.) ਛੱਡ ਗਏ ਹਨ।

ਡਾ. ਰਤਨ ਸਿੰਘ ਜੱਗੀ ਦਾ ਨਾਂ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨਾਂ ਅਤੇ ਗੁਰਮਤਿ ਤੇ ਭਗਤੀ ਲਹਿਰ ਦੇ ਮਾਹਰਾਂ ਵਿਚ ਸ਼ੁਮਾਰ ਹੈ। ਉਨ੍ਹਾਂ 150 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਸਾਹਿਤ ਤੇ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਸਦਕਾ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ, ਸਾਹਿਤ ਅਕਾਦਮੀ ਨੇ ਕੌਮੀ ਪੁਰਸਕਾਰ, ਪੰਜਾਬ ਸਰਕਾਰ ਨੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਆ। ਦਿੱਲੀ, ਹਰਿਆਣਾ ਤੇ ਉਤਰ ਪ੍ਰਦੇਸ਼ ਦੀਆਂ ਸਰਕਾਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਤ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਨਰੇਰੀ ਡੀ. ਲਿਟ ਦੀ ਡਿਗਰੀ ਵੀ ਪ੍ਰਦਾਨ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗਿਆਨ ਰਤਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਠ ਵਾਰ ਪਹਿਲਾ ਪੁਰਸਕਾਰ ਹਾਸਲ ਕਰਨ ਤੋਂ ਇਲਾਵਾ ਵੱਖ-ਵੱਖ ਸਾਹਿਤ ਅਕਾਦਮੀਆਂ, ਵਿੱਦਿਅਕ, ਸਾਹਿਤਕ ਤੇ ਧਾਰਮਿਕ ਸੰਸਥਾਵਾਂ, ਸਰਕਾਰੀ ਤੇ ਗੈਰ ਸਰਕਾਰੀ ਸੰਗਠਨਾਂ ਵੱਲੋਂ ਵੀ ਸਨਮਾਨ ਮਿਲੇ।