Connect with us

National

ਪਰਿਵਾਰ ਦੇ ਸੱਤ ਮੈਂਬਰਾਂ ਵੱਲੋਂ ਖੁਦਕੁਸ਼ੀ; ਬੱਚਿਆਂ ਦਾ ਕੀ ਕਸੂਰ? ਕਰਜ਼ਾ ਤੇ ਮਾਨਸਿਕ ਪੀੜਾ ; ਖ਼ੁਦਕੁਸ਼ੀ ਦਾ ਵਿਚਾਰ ਆਵੇ ਤਾਂ ਕੀ ਕਰੀਏ?

Published

on

ਲੋਕ ਆਪਣੇ ਜੀਵਨ ਨੂੰ ਖਤਮ ਕਰਨ ਤੱਕ ਦਾ ਫੈਸਲਾ ਕਿਵੇਂ ਲੈ ਲੈਂਦੇ ਹਨ? ਕਈ ਵਾਰੀ ਆਪਣੇ ਨਾਲ ਆਪਣੇ ਪਰਿਵਾਰ ਨੂੰ ਖ਼ਤਮ ਕਰ ਲੈਂਦੇ ਹਨ। ਬਹੁਤੀ ਥਾਈਂ ਅਜਿਹਾ ਕਰਜ਼ੇ ਦੇ ਭਾਰ ਥੱਲੇ ਦੱਬੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਬੀਤੇ ਦਿਨ ਉੱਤਰਾਖੰਡ ਦੇ ਇੱਕ ਪਰਿਵਾਰ ਦੇ ਸੱਤ ਮੈਂਬਰਾਂ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਉਸ ਪਰਿਵਾਰ ਨੇ ਪੰਚਕੁਲਾ ਆ ਕੇ ਆਪਣੀ ਕਾਰ ਦੇ ਅੰਦਰ ਹੀ ਜ਼ਹਿਰੀਲਾ ਪਦਾਰਥ ਖਾ ਕੇ ਆਤਮਹੱਤਿਆ ਕਰ ਲਈ ਹੈ। ਹੁਣ ਇੱਥੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਿਨ੍ਹਾਂ ਤਿੰਨ ਬੱਚਿਆਂ ਨੂੰ ਮੌਤ ਦੇ ਮੂੰਹ ਵਿੱਚ ਪਾਇਆ ਗਿਆ ਉਨ੍ਹਾਂ ਦਾ ਕੀ ਕਸੂਰ ਸੀ?

ਸਾਡੇ ਦੇਸ਼ ਅੰਦਰ ਵੱਡੇ ਵੱਡੇ ਉਦਯੋਗਪਤੀ ਜਾਂ ਕਾਰਪੋਰੇਟਰ ਬੈਂਕਾਂ ਤੋਂ ਅਰਬਾਂ ਰੁਪਏ ਦਾ ਕਰਜ਼ਾ ਲੈ ਕੇ ਜਾਂ ਤਾਂ ਵਿਦੇਸ਼ ਭੱਜ ਜਾਂਦੇ ਹਨ ਜਾਂ ਫਿਰ ਕਰਜ਼ਾ ਮੋੜਨ ਤੋਂ ਇਨਕਾਰੀ ਹੋ ਜਾਂਦੇ ਹਨ, ਬੈਂਕ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਪਾਉਂਦੇ ਪਰ ਮੱਧ ਵਰਗ ਦੇ ਲੋਕਾਂ ਨੂੰ ਬੈਂਕ ਅਧਿਕਾਰੀਆਂ ਵੱਲੋਂ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇੱਥੇ ਮੈਂ ਗਰੀਬ ਵਰਗ ਦੀ ਗੱਲ ਇਸ ਲਈ ਨਹੀਂ ਕੀਤੀ ਕਿਉਂਕਿ ਗਰੀਬ ਵਰਗ ਨੂੰ ਜ਼ਿਆਦਾ ਤਰ ਬੈਂਕ ਕਰਜ਼ਾ ਦਿੰਦੇ ਹੀ ਨਹੀਂ। ਮੱਧ ਵਰਗ ਦੇ ਲੋਕ ਕਰਜ਼ਾ ਚੁੱਕ ਕੇ ਆਪਣੇ ਕਾਰੋਬਾਰ ਚਲਾਉਂਦੇ ਹਨ ਤੇ ਜਦੋਂ ਕਾਰੋਬਾਰ ਨਹੀਂ ਚੱਲਦਾ ਤਾਂ ਉਹ ਬੈਂਕ ਦਾ ਕਰਜ਼ਾ ਨਹੀਂ ਮੋੜ ਪਾਉਂਦੇ। ਜਦੋਂ ਬੈਂਕ ਮੁਲਾਜਮਾਂ ਵੱਲੋਂ ਕਰਜ਼ਈ ਵਿਅਕਤੀ ਨੂੰ ਵਾਰ ਵਾਰ ਜ਼ਲੀਲ ਕੀਤਾ ਜਾਂਦਾ ਹੈ ਤਾਂ ਜ਼ਲਾਲਤ ਨੂੰ ਨਾ ਸਹਾਰਦਿਆਂ ਉਹ ਖੁਦਕੁਸ਼ੀ ਕਰਨ ਤੱਕ ਦਾ ਫੈਸਲਾ ਲੈਣ ਲਈ ਮਜਬੂਰ ਹੋ ਜਾਂਦਾ ਹੈ।

ਉੱਤਰਾਖੰਡ ਦੇ ਪਰਿਵਾਰ ਨੇ ਵੀ ਟੂਰ ਐਂਡ ਟਰੈਵਲ ਦੇ ਕਾਰੋਬਾਰ ਲਈ ਕਰਜ਼ਾ ਲਿਆ ਸੀ ਜਿਸ ਨੂੰ ਨਾ ਮੋੜ ਸਕਣ ਕਾਰਨ ਪਰਵੀਨ ਮਿੱਤਲ ਨੇ ਆਪ ਤਾਂ ਜ਼ਹਿਰ ਖਾਧਾ ਹੀ ਨਾਲ ਆਪਣੀ ਪਤਨੀ, ਆਪਣੇ ਮਾਤਾ ਪਿਤਾ, ਦੋ ਬੇਟੀਆਂ ਤੇ ਇੱਕ ਬੇਟੇ ਨੂੰ ਵੀ ਜ਼ਹਿਰ ਦੇ ਕੇ ਮੌਤ ਦੇ ਮੂੰਹ ਵਿੱਚ ਪਾ ਦਿੱਤਾ। ਖੁਦਕੁਸ਼ੀ ਕਰਨਾ ਬੁਜ਼ਦਿਲੀ ਹੈ। ਹਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਮਾਨਸਿਕ ਪੀੜਾ ਹੱਦ ਤੋਂ ਵਧ ਜਾਵੇ ਤਾਂ ਕਈ ਲੋਕ ਜ਼ਿੰਦਗੀ ਨਾਲੋਂ ਮੌਤ ਨੂੰ ਚੁਣਦੇ ਹਨ। ਇੱਥੇ ਮੇਰੀ ਰਾਇ ਹੈ ਕਿ ਜਦੋਂ ਮਾਨਸਿਕ ਪੀੜਾ ਵਧ ਜਾਵੇ ਤੇ ਖਾਸ ਕਰਕੇ ਕਰਜ਼ੇ ਕਾਰਨ ਤਾਂ ਮਾਨਸਿਕ ਪੀੜਾ ਨੂੰ ਘਟਾਉਣ ਦਾ ਇਹ ਤਰੀਕਾ ਹੈ ਕਿ ਤੁਸੀਂ ਇਹ ਸੋਚੋ ਇਹ ਸਮਾਂ ਵੀ ਬੀਤ ਜਾਏਗਾ। ਨਾਲੋ ਨਾਲ ਇਹ ਵੀ ਸੋਚਣਾ ਚਾਹੀਦਾ ਹੈ ਕਿ ਕਰਜ਼ਾ ਨਹੀਂ ਮੋੜਿਆ ਤਾਂ ਕੀ ਹੋ ਜਾਵੇਗਾ? ਕੀ ਸੰਪਤੀ ਜ਼ਬਤ ਹੋ ਜਾਵੇਗੀ? ਜਾਂ ਫਿਰ ਜੇਲ੍ਹ ਹੋ ਜਾਵੇਗੀ। ਉਨ੍ਹਾਂ ਲੋਕਾਂ ਬਾਰੇ ਸੋਚੋ ਜਿਹੜੇ ਫੁੱਟਪਾਥ ‘ਤੇ ਰਹਿ ਕੇ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਬਾਰੇ ਸੋਚੋ ਜੋ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਇਹ ਵੀ ਸੋਚੋ ਕਿ ਜ਼ਿੰਦਗੀ ਅਨਮੋਲ ਹੈ।

ਜੇਕਰ ਕੋਈ ਤੁਹਾਨੂੰ ਜ਼ਲੀਲ ਕਰਦਾ ਹੈ ਤਾਂ ਬੇਪ੍ਰਵਾਹ ਹੋ ਜਾਓ।ਮਸਤ ਹੋ ਕੇ ਜੀਓ। ਰੱਬ ‘ਤੇ ਵਿਸ਼ਵਾਸ਼ ਰੱਖੋ , ਇਹ ਸੋਚੋ ਕਿ ਜੇਕਰ ਓਹਨੇ ਆਰਥਿਕ ਸੰਕਟ ਵਿੱਚ ਪਾਇਆ ਹੈ ਤਾਂ ਇਹ ਵੀ ਉਸਦੀ ਰਜ਼ਾ ਹੈ। ਆਤਮ ਵਿਸ਼ਵਾਸ਼ ਰੱਖੋ ਕਿ ਤੁਸੀਂ ਇਸ ਸੰਕਟ ਵਿੱਚੋਂ ਨਿਕਲਣ ਦੀ ਹਿੰਮਤ ਰੱਖਦੇ ਹੋ। ਲੋਕਾਂ ਦੀ ਪ੍ਰਵਾਹ ਨਾ ਕਰੋ। ਇਹ ਨਾ ਸੋਚੋ ਕਿ ਰਿਸ਼ਤੇਦਾਰਾਂ ਵਿੱਚ ਬਦਨਾਮੀ ਹੋਵੇਗੀ ਕਿ ਜੇ ਤੁਹਾਡੀ ਸੰਪਤੀ ਕੁਰਕ ਹੋ ਗਈ ਜਾਂ ਤੁਹਾਨੂੰ ਜੇਲ੍ਹ ਹੋ ਗਈ। ਇਸ ਸਮੇਂ ਇੱਜ਼ਤ ਬੇਜ਼ਤੀ ਦਾ ਖਿਆਲ ਛੱਡ ਕੇ ਮਾਨਸਿਕ ਦਰਦ ਵਿੱਚੋਂ ਬਾਹਰ ਆਉਣ ਬਾਰੇ ਸੋਚੋ।

ਜ਼ਿਆਦਾ ਚੰਗਾ ਹੋਵੇਗਾ ਜੇਕਰ ਤੁਸੀਂ ਖ਼ੁਦ ਨੂੰ ਕਿਸੇ ਮਨੋ ਚਕਿਤਸਕ ਨੂੰ ਦਿਖਾ ਲਓ।ਉਨ੍ਹਾਂ ਲੋਕਾਂ ਬਾਰੇ ਸੋਚੋ ਜਿਹੜੇ ਕੰਗਾਲ ਹੋ ਕੇ ਵੀ ਨਹੀਂ ਘਬਰਾਏ ਤੇ ਮੁੜ ਉੱਠ ਖੜ੍ਹੇ ਹੋਏ। ਅਮਿਤਾਭ ਬੱਚਨ ਅਤੇ ਹੈਰੀ ਪੋਟਰ ਵਰਗੇ ਲੋਕਾਂ ਨੂੰ ਪ੍ਰੇਰਣਾ ਸਰੋਤ ਬਣਾਓ। ਅਮਿਤਾਭ ਨੇ ਏ ਬੀ ਸੀ ਐਲ ਨਾਂ ਦੀ ਕੰਪਨੀ ਬਣਾਈ ਜਿਸ ਬੈਨਰ ਹੇਠ ਕਈ ਫ਼ਿਲਮਾਂ ਬਣਾਈਆਂ ਤੇ ਉਹ ਸਾਰੀਆਂ ਫ਼ਿਲਮਾਂ ਫਲਾਪ ਹੋ ਗਈਆਂ। ਜਿਸ ਤੋਂ ਬਾਅਦ ਬੱਚਨ ਪਰਿਵਾਰ ਕਰਜ਼ੇ ਦੇ ਭਾਰ ਹੇਠ ਦੱਬ ਗਿਆ ਸੀ ਸਾਰੇ ਸੱਜਣ ਮਿੱਤਰ ਮੂੰਹ ਮੋੜ ਗਏ ਸਨ ਐਸੀ ਹਾਲਤ ਵਿੱਚ ਸੱਜਣ ਮਿੱਤਰ ਤੇ ਰਿਸ਼ਤੇਦਾਰ ਮੂੰਹ ਮੋੜ ਹੀ ਲੈਂਦੇ ਹਨ ਪਰ ਅਮਿਤਾਭ ਨੇ ਹੌਸਲਾ ਨਹੀਂ ਹਾਰਿਆ ਤੇ ਦ੍ਰਿੜਤਾ ਨਾਲ ਸੰਕਟ ਦਾ ਸਾਹਮਣਾ ਕੀਤਾ। ਆਪਣੇ ਸਿਰੜ ਅਤੇ ਉੱਦਮ ਨਾਲ ਅਮਿਤਾਭ ਬੱਚਨ ਅੱਜ ਫਿਰ ਅਰਬਪਤੀ ਹੈ। ਇਸੇ ਤਰ੍ਹਾਂ ਹੈਰੀ ਪੋਟਰ ਦੀ ਲੇਖਕ ਜੇ ਕੇ ਰੋਲਿੰਗ ਜੋ ਆਰਥਿਕ ਸੰਕਟ ਵਿੱਚ ਫਸ ਗਈ ਪਰ ਉਸਨੇ ਹਿੰਮਤ ਨਹੀਂ ਹਾਰੀ ਅਧੇੜ ਉਮਰ ਵਿੱਚ ਉਸਨੇ ਹੈਰੀ ਪੋਟਰ ਕਿਤਾਬ ਲਿਖੀ ਜੋ ਬਹੁਤ ਵਿਕੀ ਤੇ ਉਹ ਮੁੜ ਅਮੀਰ ਹੋ ਗਈ।ਬੁਜ਼ਦਿਲੀ ਨਾ ਦਿਖਾਓ, ਹਰ ਹਾਲਤ ਵਿੱਚ ਖ਼ੁਸ਼ ਰਹਿਣਾ ਸਿੱਖੋ। ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ। ਤੁਹਾਡੇ ਕੋਲ ਧਨ ਨਹੀਂ ਰਿਹਾ ਤਾਂ ਕੋਈ ਗੱਲ ਨਹੀਂ। ਤੁਹਾਡਾ ਜੀਵਨ ਬਹੁਤ ਕੀਮਤੀ ਹੈ, ਤੁਹਾਡੇ ਸਰੀਰ ਦਾ ਹਰ ਅੰਗ ਅਨਮੋਲ ਹੈ। ਅੰਗਹੀਣਾਂ ਨੂੰ ਪੁੱਛ ਕੇ ਵੇਖੇ ਨੇਤਰਹੀਣ ਨੂੰ ਅੱਖਾਂ ਦਾ ਮੁੱਲ ਪੁੱਛੋ, ਲੰਗੜੇ ਨੂੰ ਲੱਤਾਂ ਦਾ ਮੁੱਲ ਪੁੱਛੋ। ਆਤਮਹੱਤਿਆ ਕਰਕੇ ਰੱਬ ਵੱਲੋਂ ਦਿੱਤੇ ਅਨਮੋਲ ਸਰੀਰ ਤੇ ਬਹੁਮੁੱਲੇ ਜੀਵਨ ਨੂੰ ਖ਼ਤਮ ਨਾ ਕਰੋ ਸਗੋਂ ਮਾਣੋ ਤੇ ਆਨੰਦ ਲਓ।

ਕੁਲਵੰਤ ਸਿੰਘ ਗੱਗੜਪੁਰੀ