India
ਵਾਰਡ ਬੁਆਏ ਦੀਆਂ 90 ਅਸਾਮੀਆਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਬੇਰੁਜ਼ਗਾਰ ਨੌਜਵਾਨ, ਸੋਸ਼ਲ ਡਿਸਟੈਂਸ ਦੀਆਂ ਉੱਡੀਆਂ ਧੱਜੀਆਂ ਲੜਕੀਆਂ ਹੋਈਆਂ ਬੇਹੋਸ਼
ਲੁਧਿਆਣਾ, 22 ਮਈ( ਸੰਜੀਵ ਸੂਦ): ਪੰਜਾਬ ਸਰਕਾਰ ਨੇ ਕਰਫਿਊ ਖਤਮ ਕਰ ਦਿੱਤਾ ਹੈ ਅਤੇ ਸਿਹਤ ਮਹਿਕਮੇ ਵੱਲੋਂ ਵਾਰਡ ਬੁਆਏ ਦੀਆਂ 90 ਅਸਾਮੀਆਂ ਲਈ ਇਸ਼ਤਿਹਾਰ ਅਖ਼ਬਾਰ ਵਿੱਚ ਦੇ ਦਿੱਤਾ, ਜਿਸ ਤੋਂ ਬਾਅਦ ਹਜ਼ਾਰਾਂ ਦੀ ਤਦਾਦ ‘ਚ ਬੇਰੁਜ਼ਗਾਰ ਨੌਜਵਾਨ ਲੁਧਿਆਣਾ ਦੇ ਸਿਵਲ ਸਰਜਨ ਦਫ਼ਤਰ ਵਿਖੇ ਪਹੁੰਚ ਗਏ ਅਤੇ ਇਸ ਮੌਕੇ ਰੱਜ ਕੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਵੀ ਉੱਡੀਆਂ ਅਤੇ ਗਰਮੀ ਕਾਰਨ ਦੋ ਲੜਕੀਆਂ ਆਪਣੀ ਸੁੱਧ ਬੁੱਧ ਵੀ ਖੋਹ ਬੈਠੀਆਂ। ਇਸ ਦੌਰਾਨ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਮੌਜੂਦ ਨਹੀਂ ਸੀ ਅਤੇ ਨਾ ਹੀ ਕੋਈ ਪੁਲਿਸ ਮੁਲਾਜ਼ਮ। ਕਤਾਰਾਂ ਵੀ ਲੱਗੀਆਂ ਪਰ ਹਫੜਾ ਦਫੜੀ ‘ਚ ਸਾਰਾ ਕੁੱਝ ਭੁੱਲਿਆ ਵਿਖਾਈ ਦਿੱਤਾ।
ਸਾਡੀ ਟੀਮ ਵੱਲੋਂ ਜਦੋਂ ਮੌਕੇ ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਹਾਲਾਤ ਬਦ ਤੋਂ ਬਦਤਰ ਸਨ।ਸੋਸ਼ਲ ਡਿਸਟੈਂਸ ਦਾ ਕਿਤੇ ਵੀ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ ਅਤੇ ਨੌਜਵਾਨਾਂ ਨੇ ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਉਨ੍ਹਾਂ ਨੇ ਕਿਹਾ ਕਿ ਉਹ ਸਵੇਰ ਤੋਂ ਹੀ ਕਤਾਰਾਂ ਵਿੱਚ ਲੱਗੇ ਹੋਏ ਹਨ, ਪਰ ਇੱਥੇ ਹਾਲਾਤ ਬਹੁਤ ਖਰਾਬ ਨੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਕਤਾਰਾਂ ਵਿੱਚ ਲਗਾ ਕੇ ਪ੍ਰਸ਼ਾਸਨਿਕ ਅਧਿਕਾਰੀ ਖੁਦ ਹੀ ਭੁੱਲ ਗਏ ਉਨ੍ਹਾਂ ਨੇ ਕਿਹਾ ਕਿ 90 ਅਸਾਮੀਆਂ ਲਈ ਪੰਜਾਬ ਭਰ ਤੋਂ ਨੌਜਵਾਨ ਇੱਥੇ ਪਹੁੰਚੇ ਹੋਏ ਹਨ, ਇਸ ਦੌਰਾਨ ਇੱਕ ਲੜਕੀ ਵੀ ਚੱਕਰ ਖਾ ਕੇ ਡਿੱਗ ਗਈ ਜਿਸ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਲੜਕੀ ਦੀ ਅੱਖਾਂ ‘ਚ ਹੰਝੂ ਸਨ ਪਰ ਉਸਦੀ ਬੇਬੱਸ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਉਨ੍ਹਾਂ ਦੀ ਬੇਟੀ ਨੂੰ ਕੋਈ ਰੁਜ਼ਗਾਰ ਮਿਲ ਜਾਵੇ ਪਰ ਇੱਥੇ ਹਾਲਾਤ ਬਹੁਤ ਖਰਾਬ ਹਨ।
ਇਕ ਪਾਸੇ ਜਿੱਥੇ ਪ੍ਰਸ਼ਾਸਨ ਅਤੇ ਸਰਕਾਰ ਆਪਸ ਦੇ ਵਿੱਚ ਦਾਇਰਾ ਬਣਾਈ ਰੱਖਣ ਦੀ ਦੁਹਾਈ ਦਿੰਦਾ ਹੈ ਉਥੇ ਹੀ ਲੁਧਿਆਣਾ ਦੇ ਸਿਵਲ ਸਰਜਨ ਦਫਤਰ ਦੇ ਵਿੱਚ ਇੱਕ ਸਰਕਾਰੀ ਦਫਤਰ ਦੇ ਵਿੱਚ ਅਜਿਹੇ ਹਾਲਾਤਾਂ ਦਾ ਬਣਨਾ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।